ਬਿਓਰੋ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਨਵੇਂ ਸਿਆਸੀ ਫ਼ਰੰਟ ਦੀਆਂ ਚਰਚਾਵਾਂ ਜ਼ੋਰ ਫੜਨ ਲੱਗੀਆਂ ਹਨ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਦੇਵ ਢੀਂਡਸਾ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਕੋਸ਼ਿਸ਼ ‘ਚ ਹਨ। ਢੀਂਡਸਾ ਇਸ ਫ਼ਰੰਟ ‘ਚ BSP ਅਤੇ ਕੁਝ ਹੋਰ ਪਾਰਟੀਆਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ। ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਢੀਂਡਸਾ ਨੇ ਕਿਹਾ ਕਿ ਹਾਲ ਹੀ ‘ਚ ‘ਆਪ’ ਦੇ 2 ਵੱਡੇ ਆਗੂਆਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਅਤੇ ਸਾਰਿਆਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਦੇਵ ਢੀਂਡਸਾ ਨੇ ਇਥੋਂ ਤੱਕ ਕਿਹਾ ਕਿ ਭਗਵੰਤ ਮਾਨ ਉਹਨਾਂ ਦੇ ਪੁੱਤਰ ਸਮਾਨ ਹੈ। ਇਸ ਲਈ ਜੇਕਰ ਆਮ ਆਦਮੀ ਪਾਰਟੀ ਉਹਨਾਂ(ਭਗਵੰਤ ਮਾਨ) ਨੂੰ ਬਤੌਰ ਸੀਐੱਮ ਉਮੀਦਵਾਰ ਚੋਣ ਮੈਦਾਨ ‘ਚ ਉਤਾਰਦੀ ਹੈ, ਤਾਂ ਉਹਨਾਂ(ਸੁਖਦੇਵ ਢੀਂਡਸਾ) ਨੂੰ ਕੋਈ ਇਤਰਾਜ਼ ਨਹੀਂ।
ਗਠਜੋੜ ਨਹੀਂ, ਰਲੇਵਾਂ ਸੰਭਵ: AAP
ਸੁਖਦੇਵ ਢੀਂਡਸਾ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਮੀਡੀਆ ਸਾਹਮਣੇ ਆਈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਢੀਂਡਸਾ ਦੀ ‘ਆਪ’ ਆਗੂ ਰਾਘਵ ਚੱਢਾ ਨਾਲ ਮੁਲਾਕਾਤ ਦੀ ਗੱਲ ਤਾਂ ਕਬੂਲੀ, ਪਰ ਨਾਲ ਹੀ ਇਹ ਵੀ ਸਾਫ਼ ਕੀਤਾ ਕਿ ਮੁਲਾਕਾਤ ਦੌਰਾਨ ਗਠਜੋੜ ਦੀ ਨਹੀਂ, ਬਲਕਿ SAD ਡੈਮੋਕ੍ਰੇਟਿਕ ਦੇ ਆਗੂਆਂ ਨੂੰ ‘ਆਪ’ ‘ਚ ਸ਼ਾਮਲ ਕਰਨ ਦੀ ਗੱਲ ਹੋਈ ਹੈ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਦਾ ਗਠਜੋੜ ਨਹੀਂ ਹੋਵੇਗਾ, ਬਲਕਿ SAD ਡੈਮੋਕ੍ਰੇਟਿਕ ਦਾ ‘ਆਪ’ ‘ਚ ਰਲੇਵਾਂ ਜ਼ਰੂਰ ਹੋ ਸਕਦਾ ਹੈ।
ਰਿਸ਼ਤਿਆਂ ਤੋਂ ਪਹਿਲਾਂ ਹੀ ਕੁੜੱਤਣ !
ਹਰਪਾਲ ਚੀਮਾ ਦੇ ਰਲੇਵੇਂ ਵਾਲੇ ਬਿਆਨ ਨੇ ਦੋਵੇਂ ਪਾਰਟੀਆਂ ਨੇ ਰਿਸ਼ਤਿਆਂ ‘ਚ ਮਿਠਾਸ ਭਰਨ ਦੀ ਥਾਂ ਕੁੜੱਤਣ ਪੈਦਾ ਕਰਨ ਦਾ ਕੰਮ ਕੀਤਾ ਹੈ। SAD ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਢੀਂਡਸਾ ਨੇ ਬਿਆਨ ਜਾਰੀ ਕਰ ਕਿਹਾ ਕਿ ਉਹਨਾਂ ਦੀ ਪਾਰਟੀ ਪੰਥਕ ਪਾਰਟੀ ਹੈ, ਜਿਸਦਾ ਕਿਸੇ ਵੀ ਹੋਰ ਪਾਰਟੀ ‘ਚ ਰਲੇਵਾਂ ਬਿਲਕੁੱਲ ਸੰਭਵ ਨਹੀਂ। ਉਹਨਾਂ ਨੇ ਚੀਮਾ ਦੇ ਬਿਆਨ ਨੂੰ ਬੇਬੁਨਿਆਦ ਅਤੇ ਬੇਤੁਕਾ ਕਰਾਰ ਦਿੱਤਾ। ਨਾਲ ਹੀ ਕਿਹਾ ਕਿ ਪੰਜਾਬ ਅਤੇ ਪੰਥ ਦੇ ਸੁਨਿਹਰੇ ਭਵਿੱਖ ਲਈ ਕਿਸੇ ਹਮਖਿਆਲੀ ਪਾਰਟੀ ਨਾਲ ਚੋਣ ਸਮਝੌਤਾ ਹੋ ਸਕਦਾ ਹੈ, ਪਰ ਰਲੇਵਾਂ ਬਿਲਕੁੱਲ ਵੀ ਨਹੀਂ।