ਬਿਓਰੋ। ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਹਾਲਾਤ ਦੀ ਸਮੀਖਿਆ ਕੀਤੀ। ਪੀਐੱਮ ਨੇ ਕੋਰੋਨਾ ਨਾਲ ਨਜਿੱਠਣ ਲਈ ਟੈਸਟਿੰਗ ਵਧਾਉਣ ‘ਤੇ ਜ਼ੋਰ ਦਿੱਤਾ। ਪੀਐੱਮ ਨੇ ਕਿਹਾ, “ਜਿੰਨੀ ਵੱਧ ਟੈਸਟਿੰਗ ਹੋਵੇਗੀ, ਓਨੇ ਹੀ ਲੋਕ ਸਾਹਮਣੇ ਆਉਣਗੇ। ਅਸੀਂ ਖੁਦ ਲੋਕਾਂ ਦੀ ਟੈਸਟਿੰਗ ਕਰਨੀ ਹੈ, ਇੰਤਜ਼ਾਰ ਨਹੀਂ ਕਰਨਾ।
ਪੀਐੱਮ ਨੇ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਟੈਸਟਿੰਗ ਅਤੇ ਟ੍ਰੈਕਿੰਗ ਦੋਵੇਂ ਬੇਹੱਦ ਜ਼ਰੂਰੀ ਹਨ। ਉਹਨਾਂ ਕਿਹਾ ਕਿ RT-PCR ਟੈਸਟ ਨੂੰ 70 ਫ਼ੀਸਦ ਤੱਕ ਲਿਜਾਉਣ ‘ਤੇ ਜ਼ੋਰ ਦੇਣ ਦੀ ਲੋੜ ਹੈ। PM ਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਜਾਣ ‘ਤੇ ਵੀ ਜ਼ੋਰ ਦਿੱਤਾ।
ਪੀਐੱਮ ਨੇ ਕਿਹਾ, “ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਪਹਿਲੀ ਲਹਿਰ ਦੇ ਪੀਕ ਨੂੰ ਕਰਾਸ ਕਰ ਚੁੱਕੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਦੀ ਤੁਲਨਾ ‘ਚ ਲੋਕ ਹੁਣ ਜ਼ਿਆਦਾ ਲਾਪਰਵਾਹ ਹਨ, ਇਹ ਠੀਕ ਨਹੀਂ। ਕਈ ਥਾਈਂ ਪ੍ਰਸ਼ਾਸਨ ਵੀ ਸੁਸਤ ਨਜ਼ਰ ਆ ਰਿਹਾ ਹੈ।”
ਸੰਪੂਰਨ ਲਾਕਡਾਊਨ ਦੀ ਲੋੜ ਨਹੀਂ: PM
ਪ੍ਰਧਾਨ ਮੰਤਰੀ ਨੇ ਸਾਫ਼ ਕੀਤਾ ਕਿ ਮੌਜੂਦਾ ਸਮੇਂ ‘ਚ ਸੰਪੂਰਨ ਲਾਕਡਾਊਨ ਦੀ ਕੋਈ ਜ਼ਰੂਰਤ ਨਹੀਂ ਹੈ। ਹਾਲਾਂਕਿ ਉਹਨਾਂ ਕੁਝ ਸੂਬਿਆਂ ‘ਚ ਲਗਾਏ ਨਾਈਟ ਕਰਫ਼ਿਊ ਨੂੰ ਕਾਰਗਰ ਦੱਸਿਆ ਅਤੇ ਕਿਹਾ ਕਿ ਇਸਦੇ ਲਈ ਨਾਈਟ ਕਰਫ਼ਿਊ ਦੀ ਬਜਾਏ ਕੋਰੋਨਾ ਕਰਫ਼ਿਊ ਸ਼ਬਦ ਦਾ ਇਸਤੇਮਾਲ ਹੋਣਾ ਚਾਹੀਦਾ ਹੈ।
’11 ਤੋਂ 14 ਅਪ੍ਰੈਲ ਤੱਕ ਟੀਕਾ ਉਤਸਵ’
ਪੀਐੱਮ ਮੋਦੀ ਨੇ ਇਸ ਮੀਟਿੰਗ ਦੌਰਾਨ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਤੇਜ਼ੀ ਦੇਣ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸੂਬਾ ਸਰਕਾਰਾਂ ਨੂੰ 45 ਸਾਲ ਤੱਕ ਦੀ ਉਮਰ ਦੇ ਲੋਕਾਂ ਲਈ 100 ਫ਼ੀਸਦ ਵੈਕਸੀਨੇਸ਼ਨ ਦਾ ਟੀਚਾ ਮਿੱਥਣਾ ਚਾਹੀਦਾ ਹੈ। ਪੀਐੱਮ ਨੇ 11 ਤੋਂ 14 ਅਪ੍ਰੈਲ ਤੱਕ ਟੀਕਾ ਉਤਸਵ ਮਨਾਉਣ ਦੀ ਅਪੀਲ ਕੀਤੀ। ਪੀਐੱਮ ਨੇ ਵੈਕਸੀਨ ਤੋਂ ਬਾਅਦ ਲੋਕਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਵੀ ਅਪੀਲ ਕੀਤੀ।