ਲੁਧਿਆਣਾ। ਜਗਰਾਓਂ ‘ਚ CIA ਸਟਾਫ ਦੇ 2 ASI ਦੇ ਕਤਲ ਮਾਮਲੇ ਦਾ ਗੈਂਗਸਟਰ ਕੁਨੈਕਸ਼ਨ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਨਾਮੀ ਗੈਂਗਸਟਰ ਜੈਪਾਲ ਭੁੱਲਰ ਉਰਫ ਮਨਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਭੁੱਲਰ ਦੇ ਤਿੰਨ ਸਾਥੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਬੱਬੀ(ਮੋਗਾ), ਜਸਪ੍ਰੀਤ ਸਿੰਘ ਜੱਸੀ(ਖਰੜ) ਅਤੇ ਦਰਸ਼ਨ ਸਿੰਘ(ਲੁਧਿਆਣਾ) ਵਜੋਂ ਹੋਈ ਹੈ। ਜਗਰਾਓਂ ਪੁਲਿਸ ਨੇ ਇਹਨਾਂ ਚਾਰਾਂ ‘ਤੇ ਕਤਲ, ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ FIR ਦਰਜ ਕੀਤੀ ਹੈ ਅਤੇ ਇਹਨਾਂ ਨੂੰ ਵਾਂਟੇਡ ਐਲਾਨਿਆ ਹੈ।
ਦਰਅਸਲ, ਸ਼ਨੀਵਾਰ ਨੂੰ ਜਗਰਾਓਂ ਦੀ ਦਾਣਾ ਮੰਡੀ ‘ਚ ਨਸ਼ਾ ਤਸਕਰੀ ਦੇ ਸ਼ੱਕ ‘ਚ ਪੁਲਿਸ ਨੇ ਤਲਾਸ਼ੀ ਲਈ ਇੱਕ ਗੱਡੀ ਨੂੰ ਰੋਕਿਆ, ਤਾਂ ਟਰੱਕ ‘ਚ ਕਲੀਨਰ ਬਣ ਕੇ ਬੈਠੇ ਗੈਂਗਸਟਰ ਜੈਪਾਲ ਨੂੰ ਪੁਲਿਸ ਮੁਲਾਜ਼ਮ ਭਗਵਾਨ ਸਿੰਘ ਨੇ ਪਛਾਣ ਲਿਆ ਸੀ, ਜਿਸ ਤੋਂ ਬਾਅਦ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ 2 ਪੁਲਿਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ।
ਕੌਣ ਹੈ ਜੈਪਾਲ ਭੁੱਲਰ ?
ਫਿਰੋਜ਼ਪੁਰ ਨਾਲ ਸਬੰਧ ਰੱਖਣ ਵਾਲੇ ਗੈਂਗਸਟਰ ਜੈਪਾਲ ਭੁੱਲਰ ਉਰਫ ਮਨਜੀਤ ਨੇ ਵਿੱਕੀ ਗੌਂਡਰ ਅਤੇ ਪ੍ਰੇਮੀ ਲਾਹੌਰੀਆ ਦੀ ਮੌਤ ਤੋਂ ਬਾਅਦ ਗੈਂਗ ਦੀ ਕਮਾਨ ਸੰਭਾਲੀ ਸੀ। ਉਹ ਵਿੱਕੀ ਗੌਡਰ ਦਾ ਸਾਥੀ ਰਿਹਾ ਹੈ ਅਤੇ ਸੁੱਖਾ ਕਾਹਲਵਾਂ ਦੇ ਕਤਲ ਕਾਂਡ ‘ਚ ਵੀ ਸ਼ਾਮਲ ਸੀ। ਜੈਪਾਲ ਗੈਂਗ ‘ਚ ਫ਼ਰੀਦਕੋਟ ਵਾਸੀ ਤੀਰਥ ਸਿਂਘ ਢਿੱਲਵਾਂ, ਲੁਧਿਆਣਾ ਵਾਸੀ ਬਿੱਲਾ ਖਵਾਜਕੇ ਅਤੇ ਉੱਤਰ ਪ੍ਰਦੇਸ਼ ਦਾ ਸ਼ੂਟਰ ਅਸਲਮ ਸ਼ਾਮਲ ਰਹੇ ਹਨ, ਜੋ ਪੁਲਿਸ ਦੀ ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਹਨ।
ਇੰਸਪੈਕਟਰ ਦਾ ਪੁੱਤਰ ਬਣਿਆ ਮੌਸਟ ਵਾਂਟੇਡ
ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਦੇ ਪਿਤਾ ਪੁਲਿਸ ‘ਚ ਇੰਸਪੈਕਟਰ ਸਨ। ਵਕਤ ਨੇ ਅਜਿਹੀ ਕਰਵਟ ਬਦਲੀ ਕਿ ਇੱਕ ਪੁਲਿਸ ਇੰਸਪੈਕਟਰ ਦਾ ਪੁੱਤਰ ਜੁਰਮ ਦੀ ਦਲਦਲ ‘ਚ ਫਸ ਗਿਆ। ਉਸਦੇ ਖਿਲਾਫ ਦੇਸ਼ ਭਰ ‘ਚ 50 ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ‘ਚ ਫ਼ਿਰੋਜ਼ਪੁਰ ਦਾ ਦੋਹਰਾ ਕਤਲ ਕਾਂਡ, ਤਰਨਤਾਰਨ ਤੇ ਲੁਧਿਆਣਾ ‘ਚ 2 ਕਤਲ, ਲੁਧਿਆਣਾ ‘ਚ ਕਾਰੋਬਾਰੀ ਪੰਕਜ ਅਗਨੀਹੋਟਰੀ ਦੇ ਘਰ 60 ਲੱਖ ਦੀ ਲੁੱਟ, ਰਾਜਸਥਾਨ ਦੇ ਕਿਸ਼ਨਗੜ੍ਹ ‘ਚ 2 ਕਰੋੜ ਦੇ ਤਾਂਬੇ ਨਾਲ ਭਰਿਆ ਟਰੱਕ ਲੁੱਟਣ, ਲੁਧਿਆਣਾ ਦਾ ਚਿਰਾਗ ਕਿਡਨੈਪਿੰਗ ਕੇਸ ਅਤੇ ਏਅਰਟੈੱਲ ਦੇ ਸ਼ੋਅਰੂਮ ‘ਚ ਡਕੈਤੀ ਦਾ ਮਾਮਲਾ ਸ਼ਾਮਲ ਹੈ।
ਗੈਂਗਸਟਰ ਰੌਕੀ ਦੇ ਕਤਲ ਤੋਂ ਬਾਅਦ ਚਰਚਾ ‘ਚ ਆਇਆ
ਜੈਪਾਲ ਉਸ ਵੇਲੇ ਚਰਚਾ ‘ਚ ਆਇਆ, ਜਦੋਂ ਉਸਨੇ ਫਾਜ਼ਿਲਕਾ ਦੇ ਗੈਂਗਸਟਰ ਰੌਕੀ ਦਾ ਹਿਮਾਚਲ ਦੇ ਪਰਵਾਣੂ ਟਿਬਲ ਟਰੇਲ ਨੇੜੇ ਕਤਲ ਕਰ ਦਿੱਤਾ ਸੀ। ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਸਨੇ ਆਪਣੇ ਫੇਸਬੁੱਕ ਪੇਜ ‘ਤੇ ਵਾਰਦਾਤ ਵਾਲੀ ਤਸਵੀਰ ਵੀ ਸ਼ੇਅਰ ਕੀਤੀ ਸੀ। ਸੋਲਨ ‘ਚ ਪ੍ਰਤੱਖਦਰਸ਼ੀ ਪਰਮਪਾਲ ਪਾਲ ਅਤੇ ਹਰਪ੍ਰੀਤ ਸਿੰਘ ਦੇ ਬਿਆਨਾਂ ‘ਤੇ ਹਿਮਾਚਲ ਪੁਲਿਸ ਨੇ ਜੈਪਾਲ ਅਤੇ ਉਸਦੇ ਗਿਰੋਹ ‘ਤੇ ਕਤਲ ਦਾ ਕੇਸ ਦਰਜ ਕੀਤਾ ਸੀ।