Home Politics ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਸੀਐੱਮ 'ਤੇ ਆਪਣੇ ਹੀ ਵਿਧਾਇਕ ਨੂੰ...

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਸੀਐੱਮ ‘ਤੇ ਆਪਣੇ ਹੀ ਵਿਧਾਇਕ ਨੂੰ ਧਮਕੀ ਦੇਣ ਦਾ ਗੰਭੀਰ ਇਲਜ਼ਾਮ

ਚੰਡੀਗੜ੍ਹ। ਪੰਜਾਬ ਕਾਂਗਰਸ ‘ਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਕਾਟੋ-ਕਲੇਸ਼ ਨੇ ਹੁਣ ਖੁੱਲ੍ਹਮ-ਖੁੱਲ੍ਹੀ ਲੜਾਈ ਦਾ ਰੂਪ ਧਾਰ ਲਿਆ ਹੈ। ਸਿਆਸੀ ਆਗੂਆਂ ਦੀ ਇਸ ਲੜਾਈ ਨੇ ਉਸ ਵੇਲੇ ਹੋਰ ਵੀ ਜ਼ੋਰ ਫੜ ਲਿਆ, ਜਦੋਂ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸਿੱਧੇ-ਸਿੱਧੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਆਪਣੇ ਸਿਆਸੀ ਸਲਾਹਕਾਰ ਜ਼ਰੀਏ ਧਮਕੀ ਦੇਣ ਦਾ ਗੰਭੀਰ ਇਲਜ਼ਾਮ ਲਗਾ ਕੇ ਉਹਨਾਂ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕਰ ਦਿੱਤਾ।

ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਵਿਧਾਇਕ ਪਰਗਟ ਸਿੰਘ ਨੇ ਕਿਹਾ, “ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਮੈਨੂੰ ਫੋਨ ਕਰ ਕਿਹਾ ਕਿ ਅਸੀਂ ਤੇਰਾ ਪੁਲਿੰਦਾ ਤਿਆਰ ਕਰ ਲਿਆ ਹੈ, ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ।” ਉਹਨਾਂ ਕਿਹਾ ਕਿ ਮੈਂ ਵੀ ਪੰਜਾਬੀ ‘ਚ ਜਵਾਬ ਦੇ ਦਿੱਤਾ ਕਿ ਮੇਰੇ ਵੱਲੋਂ ਇਹ ਜਵਾਬ ਮੁੱਖ ਮੰਤਰੀ ਨੂੰ ਦੇ ਦਿਓ। ਪਰਗਟ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਆਏ ਇਸ ਧਮਕੀ ਭਰੇ ਕਾਲ ਤੋਂ ਬਾਅਦ 2-3 ਦਿਨਾਂ ਦੇ ਉਹ ਬੇਹੱਦ ਪਰੇਸ਼ਾਨ ਹਨ।

ਸਿੱਧੂ ਜੋੜੇ ਦੇ ਕਰੀਬੀਆਂ ਦੀ ਵਿਜੀਲੈਂਸ ਜਾਂਚ ‘ਤੇ ਸਵਾਲ

ਪਰਗਟ ਸਿੰਘ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਚਾਹਲ ਵਿਜੀਲੈਂਸ ਦੇ ਡਿਫੈਕਟੋ ਡਾਇਰੈਕਟਰ ਜਨਰਲ ਹਨ, ਜਿਹਨਾਂ ਵੱਲੋਂ ਇਹ ਸਾਰਾ ਤਾਣਾ-ਬਾਣਾ ਬੁਣਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪਾਰਟੀ ਕੋਲ ਸਿੱਧੂ ਖਿਲਾਫ਼ ਸਬੂਤ ਸਨ, ਤਾਂ 2 ਸਾਲ ਦਾ ਇੰਤਜ਼ਾਰ ਕਿਉਂ ਕੀਤਾ ਗਿਆ। ਸਬੂਤ ਪਹਿਲਾਂ ਕਿਉਂ ਨਹੀਂ ਵਿਖਾਏ ਗਏ।

‘ਬੇਅਦਬੀ ਕੇਸ ‘ਤੇ ਬੋਲਣ ਵਾਲਿਆਂ ਨਾਲ ਇਹੀ ਹੁੰਦਾ ਹੈ’

ਮੰਤਰੀਆਂ ਅਤੇ ਵਿਧਾਇਕਾਂ ਨਾਲ ਪਿਛਲੇ ਦਿਨੀਂ ਕੀਤੀ ਗਈ ਮੀਟਿੰਗ ਬਾਰੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ, “ਅਸੀਂ ਰੋਜ਼ਾਨਾ ਹੀ ਮਿਲਦੇ ਹਾਂ। ਜੇਕਰ ਇਹ ਕਰਾਈਮ ਹੈ, ਤਾਂ ਮੈਂ ਮੰਨਣ ਨੂੰ ਤਿਆਰ ਹਾਂ।” ਉਹਨਾਂ ਕਿਹਾ, “ਪਾਰਟੀ ਤੋਂ ਕੋਈ ਵੀ ਬੇਅਦਬੀ ਬਾਰੇ ਬੋਲਦਾ ਹੈ, ਤਾਂ ਉਸ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਮੈਨੂੰ ਨਹੀਂ ਲਗਦਾ ਕਿ ਇਸ ਤਰ੍ਹਾਂ ਕੋਈ ਸੁਧਾਰ ਆ ਸਕਦਾ ਹੈ।” ਪਰਗਟ ਸਿੰਘ ਨੇ ਕਿਹਾ, “ਸਾਲ 2017 ‘ਚ ਜਦੋਂ ਸਰਕਾਰ ਬਣੀ ਸੀ, ਤਾਂ ਉਮੀਦ ਸੀ ਕਿ ਬੇਅਦਬੀ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਕੁਝ ਚੰਗਾ ਕਰਨਗੇ, ਪਰ ਉਹ ਤਾਂ ਖੁਦ ਹੀ ਉਲਟੇ ਰਸਤੇ ਪੈ ਗਏ ਹਨ।

 

ਲੜਨ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਰਹਿਣਾ- ਪਰਗਟ ਸਿੰਘ

ਪਰਗਟ ਸਿੰਘ ਨੇ ਕਿਹਾ ਕਿ ਉਹਨਾਂ ਦਾ ਕੋਈ ਧੜਾ ਨਹੀਂ ਅਤੇ ਨਾ ਹੀ ਕਦੇ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਹਮੇਸ਼ਾ ਟੀਮ ‘ਚ ਹੀ ਕੰਮ ਕਰਨ ਨੂੰ ਤਵੱਜੋ ਦਿੱਤੀ ਹੈ। ਪਰ ਜੇਕਰ ਇਸ ਤਰ੍ਹਾਂ ਦਾ ਵਿਹਾਰ ਉਹਨਾਂ ਵਰਗੇ ਖਿਡਾਰੀ ਨਾਲ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਕੋਲ ਵੀ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ। ਉਹਨਾਂ ਕਿਹਾ, “ਮੈਨੂੰ ਮਿਲੀ ਧਮਕੀ ਅਤੇ ਮੇਰੇ ਜਵਾਬ ਬਾਰੇ ਦੂਜੀ ਧਿਰ ਵੱਲੋਂ ਕੁਝ ਲੋਕਾਂ ਨੂੰ ਦੱਸਿਆ ਗਿਆ ਅਤੇ ਇਹ ਗੱਲ ਪਬਲਿਕ ਕੀਤੀ ਗਈ ਤਾਂ ਇਸ ਲਈ ਮੈਨੂੰ ਵੀ ਇਸ ਦਾ ਖੁੱਲ੍ਹਾ ਖ਼ੁਲਾਸਾ ਕਰਨਾ ਪਿਆ।”

ਦੱਸਣਯੋਗ ਹੈ ਕਿ ਪਰਗਟ ਸਿੰਘ ਵੱਲੋਂ ਵੀ ਸਾਬਕਾ ਮੰਤਰੀ ਨਵਜੋਤ ਸਿੱਧੂ ਵਾਂਗ ਲਗਾਤਾਰ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਖੁੱਲ੍ਹ ਕੇ ਬਿਆਨ ਦਿੱਤੇ ਜਾਂਦੇ ਹਨ। ਉਹ ਖੁੱਲ੍ਹ ਕੇ ਆਪਣੀ ਸਰਕਾਰ ‘ਤੇ ਸਵਾਲ ਚੁੱਕਦੇ ਰਹੇ ਹਨ ਅਤੇ ਇਹਨਾਂ ਬਿਆਨਾਂ ਨੂੰ ਹੀ ਪਰਗਟ ਸਿੰਘ ਇਸ ਕਥਿਤ ਧਮਕੀ ਦੀ ਵਜ੍ਹਾ ਦੱਸ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments