ਬਿਓਰੋ, September 1, 2022
(Bureau Report)
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੱਕ ਵਾਰ ਫੇਰ ਜਾਨੋੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀਰਵਾਰ ਨੂੰ ਇੱਕ ਤੋੰ ਬਾਅਦ ਇੱਕ 2 ਈਮੇਲ ਭੇਜੀਆੰ ਗਈਆੰ, ਜਿਸ ਵਿੱਚ ਉਹਨਾੰ ਨੂੰ ਕਿਹਾ ਗਿਆ ਕਿ ਲਾਰੈੰਸ ਬਿਸ਼ਨੌਈ ਅਤੇ ਜੱਗੂ ਭਗਵਾਨਪੁਰੀਆ ਬਾਰੇ ਆਪਣੇ ਬਿਆਨਾੰ ‘ਤੇ ਉਹ ਰੋਕ ਲਗਾਉਣ, ਨਹੀੰ ਤਾੰ ਅੰਜਾਮ ਸਿੱਧੂ ਤੋੰ ਮਾੜਾ ਹੋਵੇਗਾ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਹਿਲੀ ਈਮੇਲ ਦੁਪਹਿਰ 1 ਵੱਜ ਕੇ 11 ਮਿੰਟਾੰ ‘ਤੇ ਆਈ ਅਤੇ ਦੂਜੀ ਈਮੇਲ ਸ਼ਾਮ 5 ਵੱਜ ਕੇ 41 ਮਿੰਟਾੰ ‘ਤੇ ਭੇਜੀ ਗਈ। ਦੋਵੇੰ ਈਮੇਲ ਵਿੱਚ ਸ਼ਬਦਾਵਲੀ ਤਾੰ ਨਹੀੰ ਬਦਲੀ, ਪਰ ਵਕਤ ਬਦਲ ਕੇ ਵਾਰ-ਵਾਰ ਧਮਕਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ।
ਤੁਸੀੰ ਦੇਸ਼ ਦੇ ਮਾਲਕ ਨਹੀੰ- ਲਾਰੈੰਸ ਗੈੰਗ
ਇਸ ਈਮੇਲ ਵਿੱਚ ਮੂਸੇਵਾਲਾ ਦੇ ਪਿਤਾ ਦੇ ਉਹਨਾੰ ਬਿਆਨਾੰ ‘ਤੇ ਵਾਰ ਕੀਤਾ ਗਿਆ, ਜਿਸ ਵਿੱਚ ਬਲਕੌਰ ਸਿੰਘ ਵਾਰ-ਵਾਰ ਸਿੱਧੂ ਦੇ ਕਾਤਲਾੰ ਨੂੰ ਸੁਰੱਖਿਆ ਕਵਚ ਦਿੱਤੇ ਜਾਣ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਧਮਕੀ ਭਰੇ ਈਮੇਲ ਵਿੱਚ ਲਿਖਿਆ ਗਿਆ ਕਿ ਤੁਸੀੰ ਦੇਸ਼ ਦੇ ਮਾਲਕ ਨਹੀੰ, ਜੋ ਤੁਹਾਡੇ ਕਹੇ ‘ਤੇ ਸੁਰੱਖਿਆ ਦਿੱਤੀ ਜਾਵੇਗੀ।
ਸੁਣੋ ਸਿੱਧੂ ਮੂਸੇਵਾਲਾ ਦੇ ਬਾਪ…ਤੂੰ ਲਾਰੈੰਸ ਬਿਸ਼ਨੌਈ, ਜੱਗੂ ਭਗਵਾਨਪੁਰੀਆ- ਸਾਡੇ ਭਰਾਵਾੰ ਦੀ ਸੁਰੱਖਿਆ ਨੂੰ ਲੈ ਕੇ ਜੇਕਰ ਕੁਝ ਬੋਲੇੰਗਾ, ਤਾੰ ਤੇਰਾ ਤਾੰ ਪਤਾ ਵੀ ਨਹੀੰ ਚੱਲੇਗਾ ਤੈਨੂੰ ਕਦੋੰ ਮਾਰ ਕੇ ਚਲੇ ਜਾਵਾੰਗੇ। ਤੂੰ ਤੇ ਤੇਰਾ ਪੁੱਤਰ ਇਸ ਦੇਸ਼ ਦੇ ਮਾਲਕ ਨਹੀੰ ਹੋ ਕਿ ਤੁਸੀੰ ਚਾਹੋਗੇ ਤਾੰ ਉਸ ਨੂੰ ਸੁਰੱਖਿਆ ਮਿਲੇਗੀ।
‘ਬਲਕੌਰ ਸਿੰਘ ਦੇ ਦਬਾਅ ‘ਚ ਐਨਕਾਊੰਟਰ ਹੋਇਆ’
ਈਮੇਲ ਵਿੱਚ ਲਾਰੈੰਸ ਗੈੰਗ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਐਨਕਾਊੰਟਰ ਵੀ ਬਲਕੌਰ ਸਿੰਘ ਦੇ ਦਬਾਅ ਵਿੱਚ ਹੋਇਆ ਹੈ।
ਤੇਰੇ ਪੁੱਤਰ ਨੇ ਸਾਡੇ ਭਰਾਵਾੰ ਨੂੰ ਮਰਵਾਇਆ ਤੇ ਅਸੀੰ ਤੇਰੇ ਪੁੱਤਰ ਨੂੰ ਮਾਰ ਦਿੱਤਾ। ਅਸੀੰ ਭੁੱਲੇ ਨਹੀੰ ਹਾੰ ਮਨਪ੍ਰੀਤ ਮੰਨੂੰ ਤੇ ਜਗਰੂਪ ਸਿੰਘ ਰੂਪਾ ਦਾ ਫੇਕ ਐਨਕਾਊੰਟਰ ਹੋਇਆ ਹੈ ਅਤੇ ਤੈਨੂੰ ਵੀ ਨਹੀੰ ਭੁੱਲਣਾ ਚਾਹੀਦਾ ਬੁੱਢੇ, ਕਿਉੰਕਿ ਇਹ ਸਭ ਤੇਰੇ ਦਬਾਅ ਵਿੱਚ ਹੋਇਆ ਹੈ।
‘ਜ਼ਿਆਦਾ ਬੋਲਿਆ, ਤਾੰ ਸਿੱਧੂ ਤੋੰ ਮਾੜਾ ਹਾਲ ਹੋਵੇਗਾ’
ਈਮੇਲ ਦੇ ਆਖਰੀ ਸ਼ਬਦਾੰ ਵਿੱਚ ਖੁੱਲ੍ਹੇ ਤੌਰ ‘ਤੇ ਬਲਕੌਰ ਸਿੰਘ ਦਾ ਸਿੱਧੂ ਤੋੰ ਵੀ ਮਾੜਾ ਹਾਲ ਕਰਨ ਦੀ ਧਮਕੀ ਦਿੱਤੀ ਗਈ ਹੈ। ਉਹਨਾੰ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਜ਼ਿਆਦਾ ਬੋਲੇ, ਤਾੰ ਹਸ਼ਰ ਸਿੱਧੂ ਤੋੰ ਵੀ ਵੱਧ ਖਤਰਨਾਕ ਹੋਵੇਗਾ।
ਸੌ ਗੱਲ ਦੀ ਇੱਕ ਗੱਲ, ਜੇਕਰ ਤੂੰ ਜ਼ਿਆਦਾ ਬੋਲਿਆ ਤਾੰ ਤੇਰਾ ਹਾਲ ਸਿੱਧੂ ਤੋੰ ਵੱਧ ਖ਼ਤਰਨਾਕ ਹੋਵੇਗਾ। ਓਕੇ…ਮੈੰ ਏਜੇ ਬਿਸ਼ਨੌਈ ਲਾਰੈੰਸ ਬਿਸ਼ਨੌਈ, ਸੰਪਤ ਨਹਿਰਾ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ, ਕਾਲਾ ਜੇਠੜੀ, SOPU ਗਰੁੱਪ ਤੋੰ ਜੈ ਬਲਕਾਰੀ…ਸਲਾਮ ਸ਼ਹੀਦਾੰ ਨੂੰ