ਚੰਡੀਗੜ੍ਹ। ਕਣਕ ਦੀ ਖਰੀਦ ‘ਚ ਬਾਰਦਾਨੇ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਵਿਚਾਲੇ ਮਾਰਕਫੈੱਡ ਦੇ ਇੱਕ ਅਧਿਕਾਰੀ ‘ਤੇ ਗਾਜ਼ ਡਿੱਗੀ ਹੈ। ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਨੇ ਗੋਨਿਆਣਾ ਸ਼ਾਖਾ ਦਫ਼ਤਰ ਦੇ ਏ.ਐਫ.ਓ. ਹਰਸਿਮਰਨਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਸਸਪੈਂਡ ਕੀਤੇ ਗਏ ਅਧਿਕਾਰੀ ‘ਤੇ ਬਾਰਦਾਨੇ ਦੀ ਵੰਡ ‘ਚ ਗੜਬੜੀ ਦਾ ਇਲਜ਼ਾਮ ਹੈ।
ਹੋਰ ਅਧਿਕਾਰੀਆਂ ਦੇ ਵੀ ਤਬਾਦਲੇ
ਸੁਖਦੀਪ ਸਿੰਘ, ਐਸ.ਬੀ.ਓ, ਸ਼ਾਖਾ ਦਫਤਰ ਸ੍ਰੀ ਚਮਕੌਰ ਸਾਹਿਬ ਜਿਲਾ ਰੂਪਨਗਰ ਦਾ ਤਬਾਦਲਾ ਕਰਕੇ ਸ਼ਾਖਾ ਦਫਤਰ ਗੋਨਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ। ਜਦਕਿ ਸ੍ਰੀ ਚਮਕੌਰ ਸਾਹਿਬ, ਬ੍ਰਾਂਚ ਦਫਤਰ ਦੇ ਐਫ.ਓ (ਜੀ) ਹਰਭਜਨ ਸਿੰਘ, ਹੁਣ ਸ਼ਾਖਾ ਦਫ਼ਤਰ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਵਜੋਂ ਕੰਮ ਕਰਨਗੇ।
ਬਾਰਦਾਨੇ ‘ਤੇ ਵਿਰੋਧੀਆਂ ਦੀ ਮੋਰਚਾਬੰਦੀ
ਬਾਰਦਾਨੇ ਨੂੰ ਲੈ ਕੇ ਮਾਰਕਫੈੱਡ ਦੀ ਇਹ ਕਾਰਵਾਈ ਇਸ ਲਈ ਬੇਹੱਦ ਅਹਿਮ ਹੈ, ਕਿਉਂਕਿ ਵਿਰੋਧੀਆਂ ਨੇ ਇਸ ਮੁੱਦੇ ‘ਤੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਸ਼ਨੀਵਾਰ ਨੂੰ ਅਕਾਲੀ ਦਲ ਨੇ ਪੰਜਾਬ ਭਰ ‘ਚ ਪ੍ਰਦਰਸ਼ਨ ਕਰਕੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ ਅਤੇ ਉਹਨਾਂ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ।