ਚੰਡੀਗੜ੍ਹ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋ ਠੀਕ ਪਹਿਲਾਂ ਕਾਂਗਰਸ ‘ਚ ਹਲਚਲ ਬੇਹੱਦ ਤੇਜ਼ ਹੋ ਗਈ ਹੈ। ਨਵਜੋਤ ਸਿੱਧੂ ਵੱਲੋਂ ਜਾਰੀ ਹਮਲਿਆਂ ਵਿਚਾਲੇ ਹੁਣ ਕਈ ਹੋਰ ਆਗੂ ਸਰਕਾਰ ਦੀ ਖਿਲਾਫਤ ਕਰਨ ਲੱਗੇ ਹਨ। ਦਿਲਚਸਪ ਹੈ ਕਿ ਇਹਨਾਂ ‘ਚ ਉਹ ਕੈਬਨਿਟ ਮੰਤਰੀ ਵੀ ਸ਼ਾਮਲ ਹਨ, ਜਿਹਨਾਂ ਦੀ ਕੈਬਨਿਟ ਦੀ ਬੈਠਕ ਦੌਰਾਨ ਸੀਐੱਮ ਕੈਪਟਨ ਨਾਲ ਬਹਿਸ ਵੀ ਹੋਈ ਸੀ।
ਕਾਂਗਰਸ ਪਾਰਟੀ ਅੰਦਰ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਲੀਡਰ ਆਏ ਦਿਨ ਮੀਟਿੰਗਾਂ ਵੀ ਕਰ ਰਹੇ ਹਨ। ਪਹਿਲਾਂ ਨਵਜੋਤ ਸਿੱਧੂ ਨਾਲ 2 ਬਾਗੀ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਤੋਂ ਇਲਾਵਾ ਕਈ ਵਿਧਾਇਕ ਮੀਟਿੰਗ ਕਰਦੇ ਹਨ, ਤੇ ਉਸ ਤੋਂ ਬਾਅਦ ਸੁੱਖੀ ਰੰਧਾਵਾ ਦੀ ਰਿਹਾਇਸ਼ ‘ਤੇ ਚਰਨਜੀਤ ਚੰਨੀ ਦੇ ਨਾਲ-ਨਾਲ ਪ੍ਰਤਾਪ ਬਾਜਵਾ ਅਤੇ ਰਵਨੀਤ ਬਿੱਟੂ ਵੀ ਸ਼ਾਮਲ ਹੋ ਜਾਂਦੇ ਹਨ। ਮੀਟਿੰਗਾਂ ਤੇ ਨਰਾਜ਼ਗੀ ਦੀਆਂ ਖ਼ਬਰਾਂ ‘ਤੇ ਮੁਹਰ ਉਦੋਂ ਲੱਗ ਗਈ, ਜਦੋਂ ਕੈਪਟਨ ਦੇ ਕਰੀਬੀ ਰਾਜ ਕੁਮਾਰ ਵੇਰਕਾ ਤੇ ਭਰਤ ਇੰਦਰ ਚਾਹਲ ਮੀਟਿੰਗ ਤੋਂ ਤੁਰੰਤ ਬਾਅਦ ਰੰਧਾਵਾ ਨੂੰ ਮਨਾਉਣ ਲਈ ਉਹਨਾਂ ਦੇ ਘਰ ਪਹੁੰਚ ਜਾਂਦੇ ਹਨ।
ਗੱਲ ਇਥੇ ਹੀ ਨਹੀਂ ਮੁਕਦੀ, ਇਹਨਾਂ ਦੋਵੇਂ ਮੀਟਿੰਗਾਂ ਤੋਂ ਬਾਅਦ ਮੰਗਲਵਾਰ ਨੂੰ ਇੱਕ ਹੋਰ ਮੀਟਿੰਗ ਚੰਡੀਗੜ੍ਹ ਵਿਖੇ ਹੋਈ, ਜਿਸ ‘ਚ ਦਲਿਤ ਭਾਈਚਾਰੇ ਨਾਲ ਸਬੰਧਤ ਕਾਂਗਰਸ ਦੇ ਨੁਮਾਇੰਦੇ ਸ਼ਾਮਲ ਹੋਏ। ਚਰਚਾ ਇਸ ਮੀਟਿੰਗ ਨੂੰ ਲੈ ਕੇ ਵੀ ਗਰਮ ਸੀ ਕਿ ਮੀਟਿੰਗ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਰ ਕਰਨ ਲਈ ਰੱਖੀ ਗਈ ਹੈ। ਹਾਲਾਂਕਿ ਬੈਠਕ ਤੋਂ ਬਾਅਦ ਇਹਨਾਂ ਚਰਚਾਵਾਂ ਨੂੰ ਇਹ ਕਹਿ ਕੇ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੀਟਿਂਗ ਪਰਿਵਾਰਕ ਸੀ ਅਤੇ ਇਸ ‘ਚ ਸਿਰਫ ਦਲਿਤ ਮੁੱਦੇ ਖਾਸਕਰ ਦਲਿਤਾਂ ਨਾਲ ਕੀਤੇ ਚੋਣ ਵਾਅਦਿਆਂ ‘ਤੇ ਚਰਚਾ ਹੋਈ ਹੈ।
ਮੀਟਿੰਗ ‘ਚ ਕੌਣ-ਕੌਣ ਸਨ ਸ਼ਾਮਲ ?
ਦਲਿਤ ਆਗੂਆਂ ਦੀ ਇਸ ਬੈਠਕ ‘ਚ 2 ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਅਰੁਣਾ ਚੌਧਰੀ ਸ਼ਾਮਲ ਸਨ। ਇਸ ਤੋਂ ਇਲਾਵਾ ਵਿਧਾਇਕਾਂ ‘ਚ ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਹਰਜੋਤ ਕਮਲ, ਬਲਵਿੰਦਰ ਸਿੰਘ ਲਾਡੀ, ਸੰਤੋਖ ਸਿੰਘ ਭਲਾਈਪੁਰ, ਬਲਵਿੰਦਰ ਧਾਲੀਵਾਲ ਅਤੇ ਜੋਗਿੰਦਰ ਪਾਲ ਵੀ ਸ਼ਾਮਲ ਸਨ।