ਅੰਮ੍ਰਿਤਸਰ। ਬੁੁੱਧਵਾਰ ਸਵੇਰੇ ਬਿਆਸ ‘ਚ ਜਿਸ ਜਗ੍ਹਾ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਛਾਪਾ ਮਾਰ ਕੇ ਗੈਰ-ਕਾਨੂੰਨੀ ਮਾਈਨਿੰਗ ਦਾ ਦਾਅਵਾ ਕੀਤਾ ਸੀ, ਉਹ ਜਗ੍ਹਾ ਇਲਲੀਗਲ ਨਹੀਂ, ਬਲਕਿ ਲੀਗਲ ਹੈ। ਇਹ ਦਾਅਵਾ ਅਸੀਂ ਨਹੀਂ ਕਰ ਰਹੇ, ਬਲਕਿ ਮਾਈਨਿੰਗ ਵਿਭਾਗ ਵੱਲੋਂ ਕੀਤਾ ਗਿਆ।
‘ਪਿਛਲੀ ਸਰਕਾਰ ਨਾਲੋਂ 10 ਗੁਣਾ ਮਾਲੀਆ ਵੱਧ’
ਮਾਈਨਿੰਗ ਵਿਭਾਗ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਿਆਸ ਦਰਿਆ ਦੀ ਵਜ਼ੀਰ ਭੁੱਲਰ ਡੀ-ਸਿਲਟਿੰਗ ਸਾਈਟ ਦਾ ਕੰਮ ਬਲਾਕ ਨੰਬਰ 5 ਦੇ ਕੰਟਰੈਕਟਰ ਮੈਸ: ਫਰੈਂਡਜ਼ ਐਂਡ ਕੰਪਨੀ ਨੂੰ ਦਿੱਤਾ ਹੋਇਆ ਹੈ। ਬੁਲਾਰੇ ਅਨੁਸਾਰ ਸਿਰਫ ਮਾਈਨਿੰਗ ਬਲਾਕ ਨੰਬਰ 5 ਤੋਂ ਹੀ ਸੂਬਾ ਸਰਕਾਰ ਨੂੰ 34.40 ਕਰੋੜ ਰੁਪਏ ਸਾਲਾਨਾ ਦਾ ਮਾਲੀਆ ਪ੍ਰਾਪਤ ਹੁੰਦਾ ਹੈ, ਜਦਕਿ ਪਿਛਲੀ ਸਰਕਾਰ ਦੌਰਾਨ ਪੂਰੇ ਸੂਬੇ ਵਿਚਲੀਆਂ ਮਾਈਨਿੰਗ ਗਤੀਵਿਧੀਆਂ ਤਂੋ ਸਿਰਫ 30-40 ਕਰੋੜ ਰੁਪਏ ਸਾਲਾਨਾ ਦਾ ਮਾਲੀਆ ਪ੍ਰਾਪਤ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਦੇ ਰਾਜ ਦੌਰਾਨ ਮਾਈਨਿੰਗ ਤੋਂ ਸੂਬੇ ਨੂੰ ਕਰੀਬ 300 ਕਰੋੜ ਰੁਪਏ ਸਾਲਾਨਾ ਦਾ ਮਾਲੀਆ ਮਿਲ ਰਿਹਾ ਹੈ ਜੋ ਕਿ ਪਿਛਲੀ ਸਰਕਾਰ ਦੇ ਮੁਕਾਬਲੇ 10 ਗੁਣਾ ਜ਼ਿਆਦਾ ਹੈ।
‘ਸਿਆਸੀ ਰੋਟੀਆਂ ਸੇਕਣ ਦੀ ਹੋ ਰਹੀ ਕੋਸ਼ਿਸ਼’
ਉਨ੍ਹਾਂ ਇਸ ਮੁੱਦੇ ਨੂੰ ਗਲਤ ਰੰਗਤ ਦੇ ਕੇ ਸਿਆਸੀ ਰੋਟੀਆਂ ਸੇਕਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਉਕਤ ਸਾਈਟ ਸਰਕਾਰ ਵੱਲੋਂ ਪੰਜਾਬ ਵਿੱਚ ਦਰਿਆਵਾਂ ਦੀ ਕੈਰਿਜ ਸਮਰੱਥਾ ਵਧਾਉਣ ਲਈ ਲਏ ਗਏ ਫੈਸਲੇ ਅਨੁਸਾਰ ਪਾਸ ਕੀਤੀ ਗਈ ਹੈ ਅਤੇ ਇੱਥੇ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ। ਬੁਲਾਰੇ ਅਨੁਸਾਰ ਵਜ਼ੀਰ ਭੁੱਲਰ ਸਾਈਟ ਦਾ ਕੁੱਲ ਰਕਬਾ 69.70 ਹੈਕਟੇਅਰ ਹੈ ਅਤੇ ਇਸ ਵਿੱਚ ਲੀਗਲ ਕੰਸੈਸਨੇਅਰ ਮਿਕਦਾਰ 13,63,358 ਐਮ.ਟੀ. ਹੈ। ਜਿਸ ਵਿੱਚੋਂ ਹੁਣ ਤੱਕ ਕੱਢੀ ਗਈ ਮਿਕਦਾਰ 3,11,398 ਐਮ.ਟੀ. ਹੈ।
‘ਅੰਮ੍ਰਿਤਸਰ ‘ਚ ਕਿਤੇ ਵੀ ਨਜਾਇਜ਼ ਮਾਈਨਿੰਗ ਨਹੀਂ’
ਮਾਈਨਿੰਗ ਵਿਭਾਗ ਦੇ ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਅੰਮ੍ਰਿਤਸਰ ਜਿ਼ਲੇ ਵਿੱਚ ਕਿਸੇ ਵੀ ਜਗ੍ਹਾਂ `ਤੇ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਾਈਿਨੰਗ ਨਾਲ ਜੁੜਿਆ ਸਾਰਾ ਸਰਕਾਰੀ ਸਟਾਫ ਬਹੁਤ ਮਿਹਨਤ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਇਕ ਇੰਫੋਰਸਮੈਂਟ ਡਾਇਰੈਕਟੋਰੇਟ ਵੀ ਸਥਾਪਤ ਕੀਤਾ ਗਿਆ ਹੈ ਜਿਸ ਨੇ ਛਾਪੇਮਾਰੀ ਕਰਕੇ ਪੰਜਾਬ ਦੀਆਂ ਕੁਝ ਥਾਂਵਾਂ `ਤੇ ਗੈਰਕਾਨੂੰਨੀ ਖਣਨ ਦੇ ਧੰਦੇ ਨੂੰ ਰੋਕ ਕੇ ਮਸ਼ੀਨਰੀ ਕਬਜ਼ੇ ਵਿਚ ਲਈ ਹੈ।
ਉਨ੍ਹਾਂ ਦੱਸਿਆ ਕਿ ਮਾਈਨਿੰਗ ਦੀਆ ਗਤੀਵਿਧੀਆਂ `ਤੇ ਨਜ਼ਰ ਰੱਖਣ ਲਈ ਵਿਭਾਗ ਵੱਲੋਂ ਇਕ ਵੈਬ ਪੋਰਟਲ ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਗੈਰ ਕਾਨੂੰਨੀ ਮਾਈਨਿੰਗ ਨਾ ਹੋ ਸਕੇ। ਬੁਲਾਰੇ ਅਨੁਸਾਰ ਬਿਆਸ ਦਰਿਆ ਦੀ ਵਜ਼ੀਰ ਭੁੱਲਰ ਸਾਈਟ `ਤੇ ਨਾਜਾਇਜ਼ ਮਾਈਨਿੰਗ ਦੇ ਲਗਾਏ ਗਏ ਇਲਜ਼ਾਮ ਸੱਚਾਈ ਤੋਂ ਪੂਰੀ ਤਰ੍ਹਾਂ ਪਰ੍ਹੇ ਹਨ ਅਤੇ ਬਿਨਾਂ ਵਜ੍ਹਾਂ ਇਸ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।