ਰੋਪੜ। ਪੰਜਾਬ ਦੀ ਰੋਪੜ ਜੇਲ੍ਹ ‘ਚ ਬੰਦ ਯੂਪੀ ਦੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਨੇ ਆਖਰਕਾਰ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮੰਗਲਵਾਰ ਨੂੰ ਸਵੇਰੇ ਕਰੀਬ 5 ਵਜੇ ਰੋਪੜ ਪਹੁੰਚੀ ਯੂਪੀ ਪੁਲਿਸ ਦੁਪਹਿਰ 2 ਵਜੇ ਦੇ ਕਰੀਬ ਅੰਸਾਰੀ ਨੂੰ ਲੈ ਕੇ ਯੂਪੀ ਦੇ ਬਾਂਦਾ ਲਈ ਰਵਾਨਾ ਹੋਈ। ਪੁਲਿਸ ਦੇ ਕਾਫ਼ਲੇ ‘ਚ ਐੰਬੂਲੈਂਸ ਸਣੇ ਕਰੀਬ 10 ਗੱਡੀਆਂ ਸ਼ੁਮਾਰ ਹਨ। ਮੁਖਤਾਰ ਅੰਸਾਰੀ ਨੂੰ ਐਂਬੁਲੈਂਸ ‘ਚ ਹੀ ਬਾਂਦਾ ਲਿਜਾਇਆ ਜਾ ਰਿਹਾ ਹੈ। ਦੱਸ ਦਈਏ ਕਿ 26 ਮਾਰਚ ਨੂੰ ਸੁਪਰੀਮ ਕੋਰਟ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਸ਼ਿਫ਼ਟ ਕਰਨ ਦਾ ਆਦੇਸ਼ ਦਿੱਤਾ ਸੀ।
ਕਰੜੀ ਸੁਰੱਖਿਆ ਹੇਠ ਸ਼ਿਫਟਿੰਗ
ਮੁਖਤਾਰ ਅੰਸਾਰੀ ਨੂੰ ਲੈਣ ਆਈ ਯੂਪੀ ਪੁਲਿਸ ਬੁਲੇਟਪਰੂਫ਼ ਜੈਕੇਟ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਹੈ। ਪੁਲਿਸ ਦੀ ਟੀਮ ‘ਚ ਇੱਕ ਸੀਓ, 2 ਇੰਸਪੈਕਟਰ, 6 ਸਬ-ਇੰਸਪੈਕਟਰ, 20 ਹੈੱਡ-ਕਾਂਸਟੇਬਲ, 30 ਕਾਂਸਟੇਬਲ ਅਤੇ PAC ਦੀ ਇੱਕ ਟੀਮ ਸ਼ਾਮਲ ਹੈ। ਪੁਲਿਸ ਦਸਤੇ ਦੇ ਨਾਲ ਸਿਹਤ ਵਿਭਾਗ ਦੀ ਟੀਮ ਵੀ ਕਾਫ਼ਲੇ ‘ਚ ਸ਼ੁਮਾਰ ਹੈ।
ਪਤਨੀ ਨੂੰ ਐਨਕਾਊਂਟਰ ਦਾ ਡਰ
ਮੁਖਤਾਰ ਅੰਸਾਰੀ ਦੀ ਸ਼ਿਫ਼ਟਿੰਗ ਤੋਂ ਕੁਝ ਹੀ ਘੰਟੇ ਪਹਿਲਾਂ ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ ‘ਚ ਅੰਸਾਰੀ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਅਤੇ ਐਨਕਾਊੰਟਰ ਤੱਕ ਦਾ ਖਦਸ਼ਾ ਜਤਾਇਆ। ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ ਤੋਂ ਉਸ(ਅੰਸਾਰੀ) ਦੀ ਸੁਰੱਖਿਆ ਸੁਨਿਸ਼ਚਿਤ ਕੀਤੇ ਜਾਣ ਦੀ ਮੰਗ ਕੀਤੀ।
ਪੰਜਾਬ ਦੀ ਜੇਲ੍ਹ ‘ਚ ਕਿਵੇਂ ਪਹੁੰਚਿਆ ਅੰਸਾਰੀ ?
ਮਾਮਲਾ 2019 ਦਾ ਹੈ, ਜਦੋਂ ਮੋਹਾਲੀ ਦੇ ਇੱਕ ਬਿਲਡਰ ਨੇ ਅੰਸਾਰੀ ਖਿਲਾਫ਼ 10 ਕਰੋੜ ਦੀ ਫਿਰੌਤੀ ਮੰਗਣ ਦਾ ਕੇਸ ਦਰਜ ਕਰਵਾਇਆ ਸੀ। ਇਸ ਕੇਸ ਦੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਲਈ ਕੋਰਟ ਪਹੁੰਚੀ ਅਤੇ ਵਾਰੰਟ ਮਿਲਣ ਤੋਂ ਬਾਅਦ ਅੰਸਾਰੀ ਨੂੰ ਯੂਪੀ ਤੋਂ ਮੋਹਾਲੀ ਲਿਆਂਦਾ ਗਿਆ। ਉਸਦੇ ਬਾਅਦ ਤੋਂ ਹੀ ਅੰਸਾਰੀ ਰੋਪੜ ਦੀ ਜੇਲ੍ਹ ‘ਚ ਬੰਦ ਸੀ, ਤੇ ਹੁਣ ਕਰੀਬ 26 ਮਹੀਨਿਆਂ ਬਾਅਦ ਅੰਸਾਰੀ ਦੀ ਯੂਪੀ ‘ਚ ਵਾਪਸੀ ਹੋ ਰਹੀ ਹੈ।
SC ਤੱਕ ਪਹੁੰਚਿਆ ਮਾਮਲਾ
ਯੂਪੀ ਪੁਲਿਸ ਲੰਮੇ ਸਮੇਂ ਤੋਂ ਮੁਖਤਾਰ ਅੰਸਾਰੀ ਨੂੰ ਵਾਪਸ ਉੱਤਰ ਪ੍ਰਦੇਸ਼ ਲਿਜਾਣਾ ਚਾਹੁੰਦੀ ਸੀ, ਕਿਉਂਕਿ ਯੂਪੀ ‘ਚ ਅੰਸਾਰੀ ਖਿਲਾਫ਼ 50 ਤੋਂ ਵੱਧ ਮਾਮਲੇ ਦਰਜ ਹਨ। ਪਰ ਪੰਜਾਬ ਪੁਲਿਸ ਅੰਸਾਰੀ ਦੀ ਸਿਹਤ, ਸੁਰੱਖਿਆ ਅਤੇ ਕੋਰੋਨਾ ਦਾ ਹਵਾਲਾ ਦੇ ਕੇ ਉਸ ਨੂੰ ਵਾਪਸ ਭੇਜਣ ਤੋਂ ਇਨਕਾਰ ਕਰਦੀ ਰਹੀ। ਆਖਰਕਰ ਯੂਪੀ ਪੁਲਿਸ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਅਤੇ ਲੰਮੀਆਂ ਦਲੀਲਾਂ ਤੋਂ ਬਾਅਦ ਕੋਰਟ ਨੇ ਯੂਪੀ ਪੁਲਿਸ ਦੇ ਹੱਕ ‘ਚ ਫ਼ੈਸਲਾ ਸੁਣਾਇਆ।
ਅੰਸਾਰੀ ਦੀ ‘ਸ਼ਾਹੀ ਐੰਬੂਲੈਂਸ’ ਦਾ ਰਾਜ਼ !
ਮੁਖਤਾਰ ਅੰਸਾਰੀ ਦੀ ਸ਼ਿਫ਼ਟਿੰਗ ਤੋਂ ਕੁਝ ਦਿਨ ਪਹਿਲਾਂ ਜਦੋਂ ਉਸ ਨੂੰ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ, ਤਾਂ ਜਿਸ ਐੰਬੂਲੈਂਸ ‘ਚ ਪੁਲਿਸ ਉਸਨੂੰ ਕੋਰਟ ਲਿਆਈ ਸੀ, ਉਸਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ। ਮਾਮਲਾ ਮੀਡੀਆ ‘ਚ ਆਇਆ, ਤਾਂ ਪਤਾ ਲੱਗਾ ਕਿ ਯੂਪੀ ਨੰਬਰ ਦੀ ਇਹ ਐਬੂਲੈਂਸ ਜਿਸ ਹਸਪਤਾਲ ਦੇ ਨਾੰਅ ‘ਚ ਰਜਿਸਟਰਡ ਸੀ, ਉਹ ਹਸਪਤਾਲ ਹੈ ਹੀ ਨਹੀੰ। ਇਹ ਨੰਬਰ ਯੂਪੀ ਦੇ ਬਾਰਾਬੰਕੀ ‘ਚ ਰਜਿਸਟਰਡ ਹੈ। ਇਸ ਵਿਚਾਲੇ ਯੂਪੀ ਪੁਲਿਸ ਐਂਬੂਲੈਂਸ ਦੀ ਜਾਂਚ ਲਈ ਰੋਪੜ ਪਹੁੰਚ ਗਈ ਅਤੇ ਜਿਸ ਦਿਨ ਪੁਲਿਸ ਪਹੁੰਚੀ, ਉਸੇ ਦਿਨ ਰਾਤ ਨੂੰ ਐਂਬੂਲੈਂਸ ਲਾਵਾਰਿਸ ਹਾਲ ‘ਚ ਰੋਪੜ ਦੇ ਇੱਕ ਢਾਬੇ ਕੋਲ ਮਿਲੀ। ਰੋਪੜ ਪੁਲਿਸ ਐਂਬੂਲੈਂਸ ਨੂੰ ਲੈ ਕੇ ਬਾਰਾਬੰਕੀ ਰਵਾਨਾ ਹੋ ਗਈ ਅਤੇ ਇਸ ਵੇਲੇ ਵੀ ਉਥੇ ਪੁਲਿਸ ਲਾਈਨ ‘ਚ ਹੀ ਰੱਖੀ ਗਈ ਹੈ।
UP ਦਾ ਡੌਨ ਹੈ ਅੰਸਾਰੀ
ਉੱਤਰ ਪ੍ਰਦੇਸ਼ ‘ਚ ਮੁਖਤਾਰ ਅੰਸਾਰੀ ਖਿਲਾਫ਼ 52 ਅਪਰਾਧਿਕ ਮਾਮਲੇ ਦਰਜ ਹਨ, ਜਿਹਨਾਂ ‘ਚ ਕਤਲ ਵਰਗੇ ਸੰਗੀਨ ਮਾਮਲੇ ਵੀ ਸ਼ਾਮਲ ਹਨ। 15 ਮਾਮਲਿਆਂ ‘ਚ ਟ੍ਰਾਇਲ ਫਾਈਨਲ ਸਟੇਜ ‘ਤੇ ਹੈ, ਜਿਹਨਾਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਯੂਪੀ ਪੁਲਿਸ ਅੰਸਾਰੀ ਦੀ ਕਸਟਡੀ ਹਾਸਲ ਕਰਨਾ ਚਾਹੁੰਦੀ ਸੀ।
ਗੈਂਗਸਟਰ ਤੋਂ ਵਿਧਾਇਕ ਬਣਿਆ ਅੰਸਾਰੀ
90 ਦੇ ਦਹਾਕੇ ‘ਚ ਮੁਖਤਾਰ ਅੰਸਾਰੀ ਦੀ ਗਿਣਤੀ ਯੂਪੀ ਦੇ ਵੱਡੇ ਅਪਰਾਧੀਆਂ ‘ਚ ਹੁੰਦੀ ਸੀ। ਖਾਸਕਰ ਮਊ, ਗਾਜ਼ੀਪੁਰ, ਵਾਰਾਣਸੀ ਅਤੇ ਜੌਨਪੁਰ ‘ਚ ਮੁਖਤਾਰ ਵਧ ਸਰਗਰਮ ਸੀ। ਜਲਦੀ ਹੀ ਉਸਨੇ ਸਿਆਸਤ ਦੀ ਦੁਨੀਆ ‘ਚ ਵੀ ਕਦਮ ਰਖਿਆ ਅਤੇ 1996 ‘ਚ ਪਹਿਲੀ ਵਾਰ ਵਿਧਾਇਕ ਚੁਣਿਆ ਗਿਆ। ਮੁਖਤਾਰ ਹੁਣ ਤੱਕ 5 ਵਾਰ ਵਿਧਾਇਕ ਰਹਿ ਚੁੱਕਿਆ ਹੈ ਅਤੇ ਮੌਜੂਦਾ ਸਮੇਂ ‘ਚ ਵੀ BSP ਦਾ ਵਿਧਾਇਕ ਹੈ। ਅੰਸਾਰੀ ਦੇ ਭਰਾ ਅਫਜ਼ਲ ਅੰਸਾਰੀ ਗਾਜ਼ੀਪੁਰ ਤੋਂ BSP ਦੇ ਸਾਂਸਦ ਹਨ।