ਮੁਕਤਸਰ। ਮਲੋਟ ‘ਚ ਬੀਜੇਪੀ ਵਿਧਾਇਕ ਅਰੁਣ ਨਾਰੰਗ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਮੁਕਤਸਰ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੇ ਨਾਲ ਹੀ 23 ਹੋਰ ਲੋਕਾਂ ਦੀ ਵੀ ਪਛਾਣ ਕੀਤੀ ਗਈ ਹੈ, ਜਿਹਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਘਟਨਾ ਦੀ ਵੀਡੀਓ ਦੇ ਅਧਾਰ ‘ਤੇ 27 ਲੋਕਾਂ ਦੀ ਪਛਾਣ ਕੀਤੀ ਗਈ ਸੀ, ਜਿਹਨਾਂ ‘ਚੋਂ ਸੁਰਜੀਤ ਸਿੰਘ, ਨੇਮ ਪਾਲ ਸਿੰਘ, ਬਲਦੇਵ ਸਿੰਘ ਅਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਬਾਕੀ ਮੁਲਜ਼ਮਾਂ ਦੀ ਵੀ ਜਲਦ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ।
SSP ਮੁਕਤਸਰ ਮੁਤਾਬਕ, ਇਸ ਪੂਰੇ ਮਾਮਲੇ ‘ਚ SP ਗੁਰਮੇਲ ਸਿੰਘ, ਕਾਂਸਟੇਬਲ ਰਣਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜ਼ਖਮੀ ਹੋਏ ਹਨ, ਜਿਹਨਾਂ ਦਾ ਮਲੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਧਾਰਾ 307 ਸਣੇ ਹੋਰ ਵਖ-ਵਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।