ਚੰਡੀਗੜ੍ਹ। ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ‘ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਤਕਰਾਰ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਨੂੰ ਭਰੋਸਾ ਦਵਾਇਆ ਹੈ ਕਿ ਸਰਕਾਰ ਉਹਨਾਂ ਦੇ ਨਾਲ ਹੈ। ਮੁੱਖ ਮੰਤਰੀ ਵੱਲੋਂ ਪੰਜਾਬ ਆੜ੍ਹਤੀ ਐਸੋਸੀਏਸ਼ਨ ਨਾਲ ਵੀਰਵਾਰ ਨੂੰ ਅਹਿਮ ਵਰਚੁਅਲ ਮੀਟਿੰਗ ਕੀਤੀ ਗਈ। ਇਸ ਬੈਠਕ ਦੌਰਾਨ ਸੀਐੱਮ ਨੇ ਆੜ੍ਹਤੀਆਂ ਨੂੰ ਕਿਹਾ, “ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ।”
ਆੜ੍ਹਤੀਆਂ ਨਾਲ ਵਰਚੁਅਲ ਮੀਟਿੰਗ ਦੌਰਾਨ ਕੈਪਟਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਹਮੇਸ਼ਾ ਆੜ੍ਹਤੀਆਂ ਨਾਲ ਖੜ੍ਹੀ ਰਹੇਗੀ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆੜ੍ਹਤੀਆਂ ਜ਼ਰੀਏ ਹੁੰਦੀ ਅਦਾਇਗੀ ਦਾ ਸਿਸਟਮ ਖ਼ਤਮ ਕਰਨ ਦੇ ਫ਼ੈਸਲੇ ਖਿਲਾਫ਼ ਆਪਣੀ ਲੜਾਈ ਜਾਰੀ ਰੱਖੇਗੀ। ਉਹਨਾਂ ਕਿਹਾ ਕਿ ਪੰਜਾਬ ‘ਚ ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਸਾਲਾਂ ਪੁਰਾਣਾ ਹੈ, ਜੋ ਸੂਬੇ ‘ਚ ਖਰੀਦ ਪ੍ਰਕਿਰਿਆ ਦੀ ਸਭ ਤੋਂ ਮਜਬੂਤ ਕੜੀ ਹੈ। ਆੜ੍ਹਤੀ ਹਮੇਸ਼ਾ ਪੰਜਾਬ ‘ਚ ਖਰੀਦ ਪ੍ਰਕਿਰਿਆ ਦੌਰਾਨ ਅਹਿਮ ਹਿੱਸਾ ਰਹਿਣਗੇ। ਉਹਨਾਂ ਸੂਬਾ ਸਰਕਾਰ ਵੱਲ ਆੜ੍ਹਤੀਆਂ ਦੇ ਬਕਾਇਆ 131 ਕਰੋੜ ਵੀ ਰਿਲੀਜ਼ ਕਰਨ ਦੇ ਆਦੇਸ਼ ਜਾਰੀ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਪੀਐੱਮ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਜਾ ਰਿਹਾ ਹੈ, ਪਰ ਉਹ 5 ਰਾਜਾਂ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ‘ਚ ਮਸ਼ਰੂਫ ਹਨ। ਉਹਨਾਂ ਕਿਹਾ, “ਮੈਨੂੰ ਲੱਗਦਾ ਨਹੀਂ ਕਿ ਪੀਐੱਮ ਮਿਲਣ ਦਾ ਸਮਾਂ ਦੇਣਗੇ, ਪਰ ਮੈਂ ਅਤੇ ਮੇਰੀ ਸਰਕਾਰ ਕੇਂਦਰ ਸਰਕਾਰ ਨੂੰ ਲਿਖਦੇ ਰਹਾਂਗੇ ਅਤੇ ਕੇਂਦਰ ਦਾ ਦਰਵਾਜ਼ਾ ਖੜਕਾਉਂਦੇ ਰਹਾਂਗੇ।”
ਮੁੱਖ ਮੰਤਰੀ ਮੁਤਾਬਕ, ਉਹ 19 ਮਾਰਚ ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਚੁੱਕੇ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਕੀਤੀ ਹੈ। ਕੈਪਟਨ ਨੇ ਆੜ੍ਹਤੀਆਂ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਸੀਐੱਮ ਮੁਤਾਬਕ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਇਸ ਮੁੱਦੇ ‘ਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਹਨ।