ਚੰਡੀਗੜ੍ਹ। ਪੰਜਾਬ ‘ਚ ਸਰਕਾਰ ਦੀ ਸਖਤੀ ਦੇ ਬਾਵਜੂਦ ਕੋਰੋਨਾ ਲਗਾਤਾਰ ਬੇਲਗਾਮ ਹੁੰਦਾ ਜਾ ਰਿਹਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਅੰਦਰ 3187 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ ਅਤੇ 60 ਲੋਕਾਂ ਦੀ ਜਾਨ ਚਲੀ ਗਈ ਹੈ।
ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ 11 ਜ਼ਿਲ੍ਹਿਆਂ ‘ਚ ਬੇਸ਼ੱਕ ਸਰਕਾਰ ਵੱਲੋਂ ਨਾਈਟ ਕਰਵਿਊ ਅਤੇ ਸਮਾਜਿਕ ਇਕੱਠਾਂ ‘ਤੇ ਪਾਬੰਦੀ ਲਗਾਈ ਗਈ ਹੈ। ਪਰ ਇਹਨਾਂ ਸੂਬਿਆਂ ‘ਚ ਲਗਾਤਾਰ ਰਿਕਾਰਡਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ, ਤਾਂ ਜਲੰਧਰ ‘ਚ 416, ਮੋਹਾਲੀ ‘ਚ 409, ਲੁਧਿਆਣਾ ‘ਚ 376, ਅੰਮ੍ਰਿਤਸਰ ‘ਚ 332, ਪਟਿਆਲਾ ‘ਚ 268 ਅਤੇ ਹੁਿਸ਼ਿਆਰਪੁਰ ‘ਚ 258 ਨਵੇਂ ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਰੋਪੜ ‘ਚ 186, ਬਠਿੰਡਾ ‘ਚ 165, ਗੁਰਦਾਸਪੁਰ ‘ਚ 127 ਅਤੇ ਕਪੂਰਥਲਾ ‘ਚ 100 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਓਧਰ ਸੰਗਰੂਰ ‘ਚ 85, ਤਰਨਤਾਰਨ ‘ਚ 81, ਫ਼ਤਿਹਗੜ੍ਹ ਸਾਹਿਬ ‘ਚ 62, ਫ਼ਰੀਦਕੋਟ ‘ਚ 56 ਅਤੇ ਨਵਾਂਸ਼ਹਿਰ ‘ਚ 55 ਨਵੇਂ ਮਾਮਲੇ ਰਿਪੋਰਟ ਹੋਏ ਹਨ।
ਸੂਬੇ ‘ਚ ਕੋਰੋਨਾ ਨਾਲ ਮੌਤਾਂ ਦੇ ਅੰਕੜੇ ਵੀ ਬੇਹੱਦ ਡਰਾਉਣ ਵਾਲੇ ਹਨ। ਪਿਛਲੇ 24 ਘੰਟਿਆਂ ਅੰਦਰ ਅੰਮ੍ਰਿਤਸਰ ‘ਚ 11, ਹੁਸ਼ਿਆਰਪੁਰ ਤੇ ਜਲੰਧਰ ‘ਚ 9-9 ਅਤੇ ਲੁਧਿਆਣਾ ‘ਚ 8 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਮੋਹਾਲੀ ‘ਚ 4, ਗੁਰਦਾਸਪੁਰ ‘ਚ 3, ਫ਼ਿਰੋਜ਼ਪੁਰ-ਪਟਿਆਲਾ-ਸੰਗਰੂਰ-ਤਰਨਤਾਰਨ ‘ਚ 2-2, ਬਰਨਾਲਾ-ਬਠਿੰਡਾ-ਕਪੂਰਥਲਾ-ਪਠਾਨਕੋਟ ‘ਚ 1-1 ਸ਼ਖਸ ਦੀ ਮੌਤ ਦੀ ਖ਼ਬਰ ਹੈ।
ਟੀਕਾਕਰਨ ਤੋਂ ਨਾ ਘਬਰਾਉਣ ਲੋਕ: ਕੈਪਟਨ
ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਤੋਂ ਬਿਲਕੁੱਲ ਨਾ ਘਬਰਾਉਣ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵੈਕਸੀਨ ਬਿਨ੍ਹਾਂ ਟੈਸਟ ਤੋਂ ਰਿਲੀਜ਼ ਨਹੀਂ ਕੀਤੀ ਜਾਂਦੀ। ਕੈਪਟਨ ਨੇ ਮਿਸਾਲ ਦੇ ਤੌਰ ‘ਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਤਾਂ ਕੈਂਸਰ ਹੋਣ ਦੇ ਬਾਵਜੁੂਦ ਕੋਵਿਡ ਟੀਕਾਕਰਨ ਕਰਵਾਇਆ ਹੈ। ਸੀਐੱਮ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਟੀਕਾਕਰਨ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ। ਕੈਪਟਨ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕੋਰੋਨਾ ਕਦੋਂ ਖਤਮ ਹੋਵੇਗਾ, ਲਿਹਾਜ਼ਾ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਹੁਣ ਸਾਡੇ ਹੱਥਾਂ ‘ਚ ਹੈ।