ਜਲੰਧਰ। ਕੁਝ ਦਿਨ ਪਹਿਲਾਂ ਗੁਰਦੁਆਰੇ ‘ਚ ਪੰਜਾਬ ਲਈ ਦਲਿਤ ਮੁੱਖ ਮੰਤਰੀ ਅਤੇ ਰਾਮ ਰਹੀਮ ਦੀ ਰਿਹਾਈ ਦੀ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਖਾਲਸਾ ਦੀ ਗ੍ਰਿਫ਼ਤਾਰੀ ਦਾ ਮਾਮਲਾ ਹੁਣ ਕੌਮੀ ਅਨੂਸੁਚਿਤ ਜਾਤੀ ਕਮਿਸ਼ਨ ਕੋਲ ਪਹੁੰਚ ਗਿਆ ਹੈ। ਖਾਲਸਾ ਦੀ ਪਤਨੀ ਤੇ ਮਹਿਲਾ ਸਰਪੰਚ ਰਾਜਪਾਲ ਕੌਰ ਨੇ ਸ਼ੁੱਕਰਵਾਰ ਨੂੰ ਜਲੰਧਰ ਦੇ ਸਰਕਟ ਹਾਊਸ ‘ਚ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਮੁਲਾਕਾਤ ਕਰ ਮੰਗ-ਪੱਤਰ ਸੌੰਪਿਆ ਹੈ।
‘ਮੇਰੇ ਪਤੀ ਨੇ ਦਲਿਤ CM ਚਾਹੁਣ ਦੀ ਕੀਮਤ ਚੁਕਾਈ’
ਆਪਣੇ ਮੰਗ-ਪੱਤਰ ‘ਚ ਰਾਜਪਾਲ ਕੌਰ ਨੇ ਕਿਹਾ ਕਿ ਉਸਦੇ ਪਤੀ ਨੇ ਇਹ ਬੋਲਣ ਦੀ ਕੀਮਤ ਚੁਕਾਈ ਕਿ ਅਜ਼ਾਦੀ ਦੇ ਬਾਅਦ ਤੋਂ ਅੱਜ ਤੱਕ ਪੰਜਾਬ ‘ਚ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ। ਉਹਨਾਂ ਨੇ ਕਿਹਾ, “ਮੇਰੇ ਪਤੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹਨਾਂ ਨੇ ਦੇਸ਼ ਦੇ ਉਸ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ, ਜਿਸਨੇ ਪੰਜਾਬ ‘ਚ ਦਲਿਤ ਸਮਾਜ ਦੇ ਆਗੂ ਨੂੰ BJP ਵੱਲੋਂ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਹੈ।”
‘ਪਿੰਡ ਲਈ ਗ੍ਰਾਂਟ ਮੰਗਣ ਦੀ ਕੀਮਤ ਚੁਕਾਈ’
ਰਾਜਪਾਲ ਕੌਰ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ‘ਤੇ ਵੀ ਇਲਜ਼ਾਮ ਲਾਇਆ ਤੇ ਕਿਹਾ, “ਮੇਰੇ ਪਤੀ ਬਤੌਰ ਸਮਾਜਸੇਵੀ ਆਪਣੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਦੇ ਹਨ। ਇਸ ਲਈ ਉਹਨਾਂ ‘ਤੇ ਪਰਚਾ ਦਰਜ ਕਰਨ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ 95% ਦਿਲਤ ਅਬਾਦੀ ਵਾਲੇ ਪਿੰਡ ਦੇ ਵਿਕਾਸ ਕਾਰਜਾਂ ਦੀ ਗ੍ਰਾਂਟ ਲਈ ਮਨਪ੍ਰੀਤ ਬਾਦਲ ਵਾਰ-ਵਾਰ ਟਾਲ-ਮਟੋਲ ਕਰਦੇ ਰਹੇ ਹਨ।”
‘2 ਤਾਕਤਵਰ ਪਰਿਵਾਰਾਂ ਖਿਲਾਫ਼ ਬੋਲਣ ਦੀ ਕੀਮਤ’
ਬੇਅਦਬੀਆਂ ਅਤੇ ਗੋਲੀਕਾਂਡ ਨੂੰ ਲੈ ਕੇ ਉਹਨਾਂ ਨੇ ਸੀਐੱਮ ਕੈਪਟਨ ਅਤੇ ਬਾਦਲ ਪਰਿਵਾਰ ਨੂੰ ਵੀ ਨਿਸ਼ਾਨੇ ‘ਤੇ ਲਿਆ। ਰਾਜਪਾਲ ਨੇ ਕਿਹਾ, “ਇੱਕ ਗੁਰਸਿੱਖ ਹੋਣ ਦੇ ਨਾਤੇ ਮੇਰੇ ਪਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਬਾਦਲ ਪਰਿਵਾਰ ਨੂੰ ਦੋਸ਼ੀ ਮੰਨਦੇ ਹੋਏ ਸੀਐੱਮ ਕੈਪਟਨ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਉਹ ਵੀ ਇਸ ਮੁੱਦੇ ‘ਤੇ ਸਿਆਸਤ ਕਰ ਰਹੇ ਹਨ। ਪਰਚਾ ਦਰਜ ਕੀਤੇ ਜਾਣ ਦਾ ਕਾਰਨ ਇਹ ਵੀ ਹੋ ਸਕਦਾ ਹੈ।” ਉਹਨਾਂ ਕਿਹਾ, “ਕੀ ਹੁਣ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਅਰਦਾਸ ਕਰਨਾ ਵੀ ਅਪਰਾਧ ਹੈ?”
ਆਪਣੇ ਮੰਗ-ਪੱਤਰ ‘ਚ ਰਾਜਪਾਲ ਕੌਰ ਨੇ ਆਪਣੇ ਪਤੀ ‘ਤੇ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ, ਉਹਨਾਂ ਨੂੰ ਸੁਰੱਖਿਆ ਦੇਣ ਅਤੇ ਕੇਂਦਰ ਸਰਕਾਰ ਤੋਂ ਵਿੱਤੀ ਮਦਦ ਲਈ ਵੀ ਗੁਹਾਰ ਕੀਤੀ। ਵਿਜੇ ਸਾਂਪਲਾ ਨੇ ਕਮਿਸ਼ਨ ਵੱਲੋਂ ਉਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਹਾਲਾਂਕਿ ਉਹਨਾਂ ਟਵੀਟ ਕਰ ਦੱਸਿਆ ਕਿ ਕਮਿਸ਼ਨ ਵੱਲੋਂ ਪਹਿਲਾਂ ਹੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਜਾ ਚੁੱਕੀ ਹੈ।
बठिंडा के ग्रंथि स.गुरमेल सिंह खालसा जिन्हें पंजाब सरकार ने जेल में डाल रखा है कि पत्नी सरपंच श्रीमती राजपाल कौर ने भेंट कर न्याय एवं जांच की मांग की। राष्ट्रीय एस सी कमीशन ने इस मामले में पहले ही संज्ञान लेकर स्थानीय प्रशासन से रिपोर्ट तलब कर ली है।@NCSC_GoI pic.twitter.com/qoxqAdxM2c
— Vijay Sampla (@thevijaysampla) May 28, 2021
ਇਸ ਸਭ ਦੇ ਵਿਚਾਲੇ ਇਹ ਵੀ ਕਾਬਿਲੇਗੌਰ ਹੈ ਕਿ ਜਿਸ ਗ੍ਰੰਥੀ ਨੂੰ ਪੰਜਾਬ ਸਰਕਾਰ ਵੱਲੋਂ ਅਰਦਾਸ ਕਰਨ ਤੋਂ ਬਾਅਦ FIR ਦਰਜ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਵੱਲੋਂ ਰੇਪ ਅਤੇ ਮਰਡਰ ਦੇ ਦੋਸ਼ੀ ਰਾਮ ਰਹੀਮ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਗਈ ਸੀ।(ਪੂਰੀ ਖ਼ਬਰ ਇਥੇ ਪੜ੍ਹੋ) ਗ੍ਰੰਥੀ ਦੀ ਪਤਨੀ ਵੱਲੋਂ ਆਪਣੇ ਮੰਗ-ਪੱਤਰ ‘ਚ ਇਸ ਬਾਰੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ।