ਬਠਿੰਡਾ। ਵੀਰਵਾਰ ਨੂੰ ਬਠਿੰਡਾ ਦੀ ਬੀੜ ਤਲਾਬ ਬਸਤੀ ਇਲਾਕੇ ‘ਚ ਗੁਰਦੁਆਰਾ ਸਾਹਿਬ ‘ਚ ਹੋਈ ਇੱਕ ਅਰਦਾਸ ਕਾਰਨ ਨਵਾਂ ਵਿਵਾਦ ਖੜ੍ਹਾ ਹੋ ਗਿਆ। ਦਰਅਸਲ, ਇਥੇ ਮਹਿਲਾ ਸਰਪੰਚ ਦੇ ਪਤੀ ਵੱਲੋਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਗੁਰਮੇਲ ਸਿੰਘ ਖਾਲਸਾ ਨਾੰਅ ਦੇ ਇਸ ਸ਼ਖਸ ਵੱਲੋਂ ਕੀਤੀ ਅਰਦਾਸ ਦੀ ਇਹ ਵੀਡੀਓ ਵੇਖਦੇ ਹੀ ਵੇਖਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਅਰਦਾਸ ਦੀ ਵੀਡੀਓ ਦੇ ਸੋਸ਼ਲ ਮੀਡੀਆ ‘ਚ ਵਾਇਰਲ ਹੋਣ ਤੋਂ ਬਾਅਦ ਪੂਰਾ ਮਾਮਲਾ ਪੁਲਿਸ ਕੋਲ ਪਹੁੰਚਿਆ, ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਗੁਰਮੇਲ ਸਿੰਘ ਖਾਲਸਾ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰਮੇਲ ਸਿੰਘ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ।
ਮਹਿਲਾ ਸਰਪੰਚ ਦੇ ਪਤੀ ਨੇ ਨਾ ਸਿਰਫ ਡੇਰਾ ਮੁਖੀ ਦੀ ਰਿਹਾਈ ਦੀ ਅਰਦਾਸ ਕੀਤੀ, ਬਲਕਿ ਦੇਸ਼ ਦੇ ਪ੍ਰਧਾਨ ਮੰਦਰੀ ਨਰੇਂਦਰ ਮੋਦੀ ਦੀ ਲੰਮੀ ਉਮਰ ਦੀ ਵੀ ਕਾਮਨਾ ਕੀਤੀ ਗਈ। ਗੁਰਮੇਲ ਸਿੰਘ ਨੇ ਬੀਜੇਪੀ ਦੇ ਉਸ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ, ਜਿਸ ‘ਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ‘ਚ ਇਸ ਵਾਰ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਹੋਵੇਗਾ। ਗੁਰਮੇਲ ਸਿੰਘ ਖਾਲਸਾ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਖਿਲਾਫ਼ ਵੀ ਅਪਸ਼ਬਦ ਬੋਲੇ ਹਨ।