ਡੈਸਕ: ਤਿੰਨ ਖੇਤੀ-ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਆਰਡੀਨੈਂਸ ਖਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਅੱਜ ਕੇਂਦਰ-ਸਰਕਾਰ ਅਤੇ ਕਾਰਪੋਰੇਟ-ਘਰਾਣਿਆਂ ਦਾ ਸਮੁੱਚੇ ਪੰਜਾਬ ਵਿੱਚ ਅਨੇਕਾਂ ਥਾਵਾਂ ‘ਤੇ ਦਹਿ ਹਜਾਰਾਂ ਦੀ ਤਾਦਾਦ ਵਿੱਚ ਸ਼ਾਮਿਲ ਹੋਈ ਵਿਸ਼ਾਲ ਲੋਕਾਈ ਨੇ ਰੋਹ ਭਰਪੂਰ ਮਾਰਚ ਕਰਕੇ ਪੁਤਲੇ ਫੂਕੇ ਅਤੇ ਜੰਮਕੇ ਨਾਅਰੇਬਾਜ਼ੀ ਕਰਨ ਦੇ ਨਾਲ ਸਾਂਝੇ ਪੁਤਲਿਆਂ ਦੀ ਖੂਬ ਛਿੱਤਰ ਪਰੇਡ ਕੀਤੀ।
![farmers protest](https://punjab.newsdateline.com/wp-content/uploads/2020/12/IMG-20201205-WA0112_resize_8.jpg)
ਬਹੁਤ ਥਾਵਾਂ ‘ਤੇ ਔਰਤਾਂ ਨੇ ਮੋਦੀ ਹਕੂਮਤ ਨੂੰ ਰੋਹਲੇ ਵੈਣਾਂ ਰਾਹੀਂ ਵੰਗਾਰਿਆ। ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਜਦ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਪੰਜਵੇਂ ਦੌਰ ਦੇ ਗੇੜ ਦੀ ਗੱਲਬਾਤ ਕਰਨ ਜਾ ਰਹੀਆਂ ਹਨ। ਮੁਲਕ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੀ ਮੌਤ ਦੇ ਜਾਰੀ ਕੀਤੇ ਵਰੰਟਾਂ (ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ) ਨੂੰ ਕ੍ਰਾਂਤੀਕਾਰੀ ਦੱਸਕੇ ਛੇ ਮਹੀਨਿਆਂ ਤੋਂ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੇ ਜਖਮਾਂ ਉੱਪਰ ਲੂਣ ਭੁੱਕ ਰਿਹਾ ਹੈ। ਇਸੇ ਕਰਕੇ ਅੱਜ ਪੂਰੇ ਮੁਲਕ ਵਿੱਚ ਮੋਦੀ-ਸ਼ਾਹ ਅਤੇ ਕਾਰਪੋਰੇਟ ਘਰਾਣਿਆਂ(ਅਡਾਨੀ,ਅੰਬਾਨੀ) ਦੇ ਪੁਤਲੇ ਸਾੜ੍ਹ ਮੁਜਾਹਰੇ ਕਰਨ ਦੇ ਸੱਦੇ ਤਹਿਤ ਥਾਂ ਥਾਂ ਵਿਸ਼ਾਲ ਮੁਜਾਹਰੇ ਕਰਕੇ ਸਾੜ੍ਹੇ ਗਏ।
ਆਗੂਆਂ ਨੇ ਪੁਤਲਾ ਸਾੜ੍ਹ ਸਮਾਗਮਾਂ ਵਿੱਚ ਦਹਿ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕ ਕਾਫਲਿਆਂ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ। ਸਾਂਂਝਾ ਕਿਸਾਨ ਮੋਰਚਾ ਵੱਲੋਂ ਸੰਘਰਸ਼ ਦੀ ਧਾਰ ਨੂੰ ਹੋਰ ਤੇਜ ਕਰਦਿਆਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਨੂੰ ਸਫਲ਼ ਬਨਾਉਣ ਅਤੇ ਉਸ ਦਿਨ ਪੂਰਾ ਸ਼ਹਿਰੀ ਕਾਰੋਬਾਰ ਬੰਦ ਰੱਖਣ ਦੀ ਜੋਰਦਾਰ ਅਪੀਲ ਕੀਤੀ। ਅੱਜ ਦੇ ਸਮਾਗਮਾਂ ਨੂੰ ਇਨਕਲਾਬੀ ਜਮਹੂਰੀ ਜਨਤਕ ਸਮਾਜਿਕ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਹਮਾਇਤ ਦਿੱਤੀ। ਮਾਈ ਭਾਗੋ ਅਤੇ ਗਦਰੀ ਗੁਲਾਬ ਕੌਰ ਦੀਆਂ ਵਾਰਸ ਕਿਸਾਨ ਔਰਤਾਂ ਦੀ ਸਾਂਝੇ ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਵਧ ਰਹੀ ਸ਼ਮੂਲੀਅਤ ਨੇ ਮੋਦੀ ਹਕੂਮਤ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ। ਆਗੂਆਂ ਨੇ ਕਾਫਲੇ ਬੰਨ੍ਹਕੇ ਸ਼ਾਮਿਲ ਹੋਣ ਲਈ ਸਮੁੱਚੇ ਮਿਹਨਤਕਸ਼ ਦਾ ਤਹਿ ਦਿਲੋਂ ਧੰਨਵਾਦ ਕੀਤਾ।