ਡੈਸਕ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਤੇ ਪੰਜਾਬੀ ਪ੍ਰਤੀ ਨੀਤੀਆਂ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਗਵਾਈ ਵਾਲੇ ਐਨ.ਡੀ.ਏ. ਦਾ ਹਿੱਸਾ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਜਿਸ ਨੇ ਕਿਸਾਨੀ ਵਿਰੋਧੀ 3 ਆਰਡੀਨੈਂਸ ਲਿਆਂਦੇ ਹਨ, ਜੋ ਕਿ ਪੰਜਾਬ ਵਿਰੋਧੀ ਹਨ ਅਤੇ ਦੇਸ਼ ਵਿਰੋਧੀ ਵੀ ਹਨ, ਅਸੀਂ ਉਸ ਪਾਰਟੀ ਦੇ ਐਨ. ਡੀ. ਏ. ਦਾ ਹਿੱਸਾ ਨਹੀਂ ਹੋ ਸਕਦੇ।
ਸੁਖਬੀਰ ਸਿੰਘ ਬਾਦਲ ਨੇ ਦੇਰ ਰਾਤ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਬਿੱਲਾਂ ’ਤੇ ਫੈਸਲੇ ਨਾਲ ਨਾ ਸਿਰਫ ਕਿਸਾਨਾਂ ਦੇ ਹਿੱਤਾਂ ਨੂੰ ਡੂੰਘੀ ਸੱਟ ਵੱਜੀ ਹੈ ਬਲਕਿ ਖੇਤ ਮਜ਼ਦੂਰਾਂ, ਵਪਾਰੀਆਂ, ਆੜ੍ਹਤੀਆਂ ਤੇ ਦਲਿਤਾਂ ਨੂੰ ਵੀ ਸੱਟ ਵੱਜੀ ਹੈ ਜੋ ਕਿ ਖੇਤੀਬਾੜੀ ’ਤੇ ਹੀ ਨਿਰਭਰ ਸਨ।
ਉਨ੍ਹਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਸ਼ਾਨ ਹੈ ਅਤੇ ਜਿਨ੍ਹੇ ਵੀ ਐਮ. ਪੀ. ਪਾਰਲੀਮੈਂਟ ‘ਚ ਬੈਠਦੇ ਹਨ, ਉਹ ਕਿਸਾਨਾਂ ਦਾ ਹੀ ਖਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦਾ ਅਸਰ 20 ਲੱਖ ਕਿਸਾਨਾਂ ‘ਤੇ ਅਤੇ 20 ਤੋਂ 50 ਹਜ਼ਾਰ ਆੜੜੀਏ ਭਾਈਚਾਰੇ ਤੇ 15 ਤੋਂ 20 ਲੱਖ ਮਜ਼ਦੂਰਾਂ ‘ਤੇ ਪਿਆ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਹੈ ਪਰ ਸਰਕਾਰ ਤੇ ਗਠਜੋੜ ਨੂੰ ਚਲਾਉਣ ਲਈ ਮੁੱਖ ਸਿਧਾਂਤ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਬਣਾਈ ਰੱਖਣ ਤੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਮਾਣ ਸਨਮਾਨ ਨੂੰ ਬਹਾਲ ਰੱਖਣ ਪ੍ਰਤੀ ਵਚਨਬੱਧਤਾ ਹੈ ਜੋ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਲਗਾਤਾਰ ਫੈਸਲੇ ਲੈ ਕੇ ਮੌਜੂਦਾ ਸਰਕਾਰ ਨੇ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਪ੍ਰਤੀ ਬੇਰੁਖੀ ਵਿਖਾਈ ਤੇ ਉਹ ਦੇਸ਼ ਖਾਸ ਤੌਰ ’ਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਲੋੜ ਪ੍ਰਤੀ ਵੀ ਬੇਰੁਖ ਵਿਖਾਈ ਦਿੱਤੀ।
ਉਹਨਾਂ ਕਿਹਾ ਕਿ ਸਾਡੇ ਬਹੁਤ ਯਤਨਾਂ ਦੇ ਬਾਵਜੂਦ ਭਾਜਪਾ ਸਰਕਾਰ ਨੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਹ ਕੌਮੀ ਹਿੱਤਾਂ ਵਿਚ ਸਰਕਾਰ ਨੂੰ ਇਹਨਾਂ ਦੇ ਨਾਲ ਡੱਟਣਾ ਚਾਹੀਦਾ ਸੀ ਪਰ ਮੌਜੂਦਾ ਸਰਕਾਰ ਦੀਆਂ ਨੀਤੀਆਂ ਕੌਮੀ ਹਿੱਤਾਂ ਦੇ ਖਿਲਾਫ ਹਨ।
ਦਸ ਦਈਏ ਕਿ ਇਸ ਤੋਂ ਪਹਿਲਾਂ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਕੇਂਦਰੀ ਮੰਤਰੀ ਅਹੁਦੇ ਤੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ। ਹਰਸਿਮਰਤ ਕੌਰ ਬਾਦਲ ਕੇਂਦਰੀ ਖਾਧ ਅਤੇ ਪ੍ਰੋਸੈਸਿੰਗ ਮੰਤਰੀ ਸੀ।