Home Agriculture ਪ੍ਰਸਤਾਵਿਤ ਬਿੱਲਾਂ ਦੀ ਕਾਪੀ ਲੈਣ ਲਈ ਅੜੀ 'ਆਪ' ਸਦਨ 'ਚ ਲਗਾਇਆ...

ਪ੍ਰਸਤਾਵਿਤ ਬਿੱਲਾਂ ਦੀ ਕਾਪੀ ਲੈਣ ਲਈ ਅੜੀ ‘ਆਪ’ ਸਦਨ ‘ਚ ਲਗਾਇਆ ਧਰਨਾ

ਚੰਡੀਗੜ੍ਹ, 19 ਅਕਤੂਬਰ 2020
ਖੇਤੀ ਵਿਰੋਧੀ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ‘ਚ ਪੇਸ਼ ਕੀਤੇ ਜਾਣ ਵਾਲੇ ਬਿੱਲ ਦੀ ਕਾਪੀ ਹਾਸਿਲ ਕਰਨ ਲਈ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰੋਸ ਵਜੋਂ ਸਦਨ ਦੇ ਅੰਦਰ ਹੀ ਧਰਨੇ ‘ਤੇ ਬੈਠ ਗਈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਰਿੰਦਰ ਸਿੰਘ ਸਰਕਾਰ ਵੱਲੋਂ ਅਤਿ ਮਹੱਤਵਪੂਰਨ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਇਸ ਪ੍ਰਭਾਵਿਤ ਬਿੱਲ ਸਦਨ ‘ਚ ਪੇਸ਼ ਹੋਣ ਤੱਕ ਗੁਪਤ ਰੱਖਣ ਪਿੱਛੇ ਵੱਡੀ ਸਾਜ਼ਿਸ਼ ਦੇ ਦੋਸ਼ ਲਗਾਏ। ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਇੱਕ ਵਾਰ ਫਿਰ ਪਾਣੀਆਂ ਬਾਰੇ ਸਮਝੌਤੇ (ਪੰਜਾਬ ਵਾਟਰ ਟਰਮੀਨੇਸ਼ਨ ਲਾਅ ਆਫ਼ ਐਗਰੀਮੈਂਟ ਐਕਟ-2004) ਦੀ ਤਰਜ਼ ‘ਤੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਫ਼ਰੇਬ ਕਰਨ ਦੀ ਤਿਆਰੀ ‘ਚ ਹਨ। ਜਿਵੇਂ ਤਤਕਾਲੀ ਮਨਮੋਹਨ ਸਰਕਾਰ ਨਾਲ ਮਿਲ ਕੇ ਅਮਰਿੰਦਰ ਸਿੰਘ ਨੇ ਪਾਣੀ ਰੱਦ ਕਰਨ ਵਾਲੇ ਫ਼ਰਜ਼ੀ ਐਕਟ ਨਾਲ ਫੋਕੀ ਵਾਹ-ਵਾਹ ਤਾਂ ਖੱਟ ਲਈ ਪਰੰਤੂ ਉਸ ਐਕਟ ਦਾ ਪੰਜਾਬ ਨੂੰ ਰੱਤੀ ਭਰ ਵੀ ਲਾਭ ਨਹੀਂ ਹੋਇਆ ਅਤੇ ਨਾ ਹੀ ਉਹ ਐਕਟ ਸੁਪਰੀਮ ਕੋਰਟ ਤੱਕ ਟਿਕ ਸਕਿਆ। ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਉਸੇ ਤਰਾਂ ਦੀ ਗੰਢ-ਤੁਪ ਹੁਣ ਮੋਦੀ ਸਰਕਾਰ ਨਾਲ ਕਰਕੇ ਉਸੇ ਤਰਜ਼ ‘ਤੇ ਇਹ ਬਿੱਲ ਪੇਸ਼ ਕੀਤਾ ਜਾ ਰਿਹਾ, ਤਾਂ ਕਿ ਅੰਤ ਨੂੰ ਇਹ ਬਿੱਲ ਮੋਦੀ ਸਰਕਾਰ ਦੇ ਹੱਕ ‘ਚ ਭੁਗਤੇ।
ਇਹੋ ਕਾਰਨ ਹੈ ਕਿ ਬਿੱਲ ਦੇ ਖਰੜੇ ਦੀ ਸ਼ਬਦਾਵਲੀ ਨੂੰ ਬਿੱਲ ਸਦਨ ਦੀ ਮੇਜ਼ ‘ਤੇ ਰੱਖੇ ਜਾਣ ਤੱਕ ਗੁਪਤ ਰੱਖਿਆ ਜਾ ਰਿਹਾ ਹੈ, ਜਦਕਿ ਚਾਹੀਦਾ ਇਹ ਸੀ ਕਿ ਇਸ ਬਿੱਲ ਦੇ ਖਰੜੇ ਨੂੰ ਪਾਸ ਕਰਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੁਮਾਇੰਦਿਆਂ ਸਮੇਤ ਕਿਸਾਨ ਜਥੇਬੰਦੀਆਂ ਅਤੇ ਹੋਰ ਖੇਤੀ ਤੇ ਕਾਨੂੰਨੀ  ਮਾਹਿਰਾਂ ਨੂੰ 15 ਦਿਨ ਪਹਿਲਾਂ ਭੇਜੀਆਂ ਜਾਂਦੀਆਂ (ਜਿਵੇਂ ਕਿ ਵਿਧਾਨ ਸਭਾ ਦੀ ਨਿਯਮਾਵਲੀ ਕਹਿੰਦੀ ਹੈ) ਤਾਂ ਕਿ ਸਾਰੇ ਆਪਣੀ ਆਪਣੀ ਰਾਇ ਦਿੰਦੇ ਅਤੇ ਸਿੱਕੇਬੰਦ ਕਾਨੂੰਨ ਬਣਦਾ, ਜੋ ਹਰ ਚੁਨੌਤੀ ‘ਤੇ ਫ਼ਤਿਹ ਪਾ ਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਸੁਰੱਖਿਅਤ ਕਰਦਾ।
ਇਸ ਮੌਕੇ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਜਦੋਂ ਤੱਕ ਬਿੱਲ ਦੀ ਕਾਪੀ ਨਹੀਂ ਮਿਲੇਗੀ ਉਦੋਂ ਤੱਕ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ ਹੀ ਡਟੇ ਰਹਿਣਗੇ। ਵਿਧਾਨ ਸਭਾ ਵਿਚ ਡਟੇ ਵਿਧਾਇਕਾਂ ਨਾਲ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਵੀ ਸ਼ਾਮਲ ਸਨ।
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕਿਸਾਨ ਰੇਲ ਪਟੜੀਆਂ ‘ਤੇ ਰਾਤਾਂ ਕੱਟ ਸਕਦੇ ਹਨ ਤਾਂ ਉਨ੍ਹਾਂ ਦੇ ਹੱਕਾਂ ਲਈ ਅਸੀਂ ਵਿਧਾਨ ਸਭਾ ਅੰਦਰ ਰਾਤ ਕੱਟ ਕੇ ਆਪਣਾ ਫ਼ਰਜ਼ ਨਿਭਾਵਾਂਗੇ
RELATED ARTICLES

LEAVE A REPLY

Please enter your comment!
Please enter your name here

Most Popular

Recent Comments