ਫ਼ਤਹਿਗੜ੍ਹ ਸਾਹਿਬ: ਸੱਤ ਮਹੀਨੇ ਦੇ ਲੰਬੇ ਇੰਤਜਾਰ ਤੋਂ ਬਾਅਦ ਸੋਮਵਾਰ ਨੂੰ ਜ਼ਿਲ੍ਹੇ ਦੇ ਸਕੂਲਾਂ ਵਿੱਚ ਜਿਵੇਂ ਹੀ ਵਿਦਿਆਰਥੀ ਪੁੱਜੇ ਤਾਂ ਸਕੂਲਾਂ ਵਿੱਚ ਰੌਣਕ ਪਰਤ ਆਈ ਹੈ। ਕੋਰੋਨਾ ਮਹਾਮਾਰੀ ਕਾਰਨ 17 ਮਾਰਚ ਤੋਂ ਸਕੂਲ ਬੰਦ ਪਏ ਸਨ। ਬੇਸ਼ੱਕ ਸਕੂਲਾਂ ਵਿੱਚ ਸਟਾਫ ਆ ਰਿਹਾ ਸੀ,ਪ੍ਰੰਤੂ ਵਿਦਿਆਰਥੀ ਸੋਮਵਾਰ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਦੇ ਬਾਅਦ ਹੀ ਪੁੱਜੇ। ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ 217 ਸਰਕਾਰੀ ਸਕੂਲ ਹਨ ਜਿਨ੍ਹਾਂ ਵਿਚੋਂ ਸੀਨੀਅਰ ਅਤੇ ਹਾਈ ਸਕੂਲ 81 ਹਨ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ ‘ਤੇ 9ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਹੀ ਪੁੱਜੇ।
ਅਧਿਆਪਕਾਂ ਵਲੋਂ ਕੇਵਲ ਤਿੰਨ ਘੰਟੇ ਹੀ ਵਿਦਿਆਰਥੀਆਂ ਨੂੰ ਪੜ੍ਹਾਇਆ ਗਿਆ। ਜ਼ਿਲ੍ਹੇ ਵਿਚ ਪ੍ਰਾਈਵੇਟ ਸਕੂਲ ਨਹੀਂ ਖੁੱਲੇ। ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਵੀ ਘੱਟ ਪਹੁੰਚੇ। ਜਾਣਕਾਰੀ ਅਨੁਸਾਰ ਪਹਿਲੇ ਦਿਨ ਦਿਨ ਸਿਰਫ 7.40 ਫੀਸਦੀ ਵਿਦਿਆਰਥੀ ਹੀ ਸਕੂਲਾਂ ਵਿੱਚ ਆਏ। ਸਰਕਾਰ ਦੇ ਦਿਸ਼ਾ- ਨਿਰਦੇਸ਼ ਤਹਿਤ ਵਿਦਿਆਰਥੀ ਮਾਸਕ ਅਤੇ ਸੈਨੇਟਾਈਜ਼ਰ ਲੈ ਕੇ ਆਉਣ। ਜਿਨ੍ਹਾਂ ਕੋਲ ਸੈਨੇਟਾਈਜ਼ਰ ਨਹੀਂ ਸੀ, ਉਨ੍ਹਾਂ ਨੂੰ ਸਕੂਲਾਂ ਵਲੋਂ ਦਿੱਤੇ ਜਾਣਗੇ। ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਕੋਰੋਨਾ ਦਾ ਖੌਫ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਅਤੇ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ‘ਚ ਪਹਿਲੇ ਦਿਨ ਸਿਰਫ਼ ਦੋ ਵਿਦਿਆਰਥੀ ਹੀ ਸਕੂਲ ਪਹੁੰਚੇ। ਪ੍ਰਿੰਸੀਪਲ ਰੀਤਾ ਰਾਣੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ‘ਚ ਹੋਰ ਵਿਦਿਆਰਥੀ ਵੀ ਸਕੂਲ ਪਹੁੰਚਣਗੇ।
ਜ਼ਿਲ੍ਹਾ ਸਿੱਖਿਆ ਅਫਸਰ (ਸ) ਪ੍ਰਭਸਿਮਰਨ ਕੌਰ ਨੇ ਦੱਸਿਆ ਕਿ ਭਲੇ ਹੀ ਲੰਬੇ ਅਰਸੇ ਤੋਂ ਬਾਅਦ ਖੁੱਲ੍ਹੇ ਸਕੂਲਾਂ ‘ਚ ਪਹਿਲਾ ਦਿਨ ਘੱਟ ਵਿਦਿਆਰਥੀ ਆਏ, ਪ੍ਰੰਤ ਵਿਦਿਆਰਥੀਆਂ ਦੀ ਸੁਰੱਖਿਆ ਦਾ ਸਕੂਲਾਂ ‘ਚ ਪੂਰਾ ਪ੍ਰਬੰਧ ਕੀਤਾ ਗਿਆ। ਸਕੂਲਾਂ ‘ਚ ਜਿੱਥੇ ਪੂਰੀ ਸਾਫ਼ ਸਫਾਈ ਕਰਵਾਈ ਗਈ ਸੀ, ਉਥੇ ਹੀ ਸਕੂਲਾਂ ਦੇ ਐਂਟਰੀ ਗੇਟ ‘ਤੇ ਸੈਨੇਟਾਈਜ਼ਰ ਦੇ ਨਾਲ ਥਰਮਲ ਸਕਰੀਨਿੰਗ ਕੀਤੀ ਗਈ। ਜਿਸਦੇ ਬਾਅਦ ਵੀ ਵਿਦਿਆਰਥੀਆਂ ਨੂੰ ਸਕੂਲ ‘ਚ ਆਉਣ ਦੀ ਇਜਾਜਤ ਮਿਲੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਪਹਿਲਾਂ ਲਿਖਤੀ ਤੌਰ ‘ਤੇ ਸਕੂਲ ਆਉਣ ਦੇਣ ਦੀ ਇਜਾਜਤ ਦੇ ਬਾਅਦ ਵਿਦਿਆਰਥੀ ਸਕੂਲ ਆਏ।