ਡੈਸਕ: ਪੰਜਾਬ ‘ਚ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਇਨ੍ਹਾਂ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਹਥਿਆਰਾਂ ਤੇ ਵਿਸਫੋਟਕ ਸਮੱਗਰੀ ਸਣੇ ਫੜਿਆ ਹੈ। ਇਨ੍ਹਾਂ ਦਾ ਮੌਜੂਦਾ ਸਮੇਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਕੇਜ਼ੈਡਐਫ ਅਪਰੇਟਿਵ ਨਾਲ ਸਬੰਧ ਸੀ। ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਅਤਿਵਾਦੀ ਹਮਲੇ ਕਰਕੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਖਾਲਿਸਤਾਨ-ਪੱਖੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਬਾਰੇ ਜਾਣਕਾਰੀ ਦੇ ਅਧਾਰ ‘ਤੇ ਪਾਕਿਸਤਾਨ ਦੇ ਸਮਰਥਨ ਵਾਲੇ ਮੌਡੀਊਲ ਦਾ ਪਰਦਾਫਾਸ਼ ਕੀਤਾ ਗਿਆ।
ਜਾਣਕਾਰੀ ਮਿਲਣ ਮਗਰੋਂ ਪੰਜਾਬ ਪੁਲੀਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਲੋਕਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਅਤੇ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਚਲਾਈ, ਜਿਸ ਤਹਿਤ ਹਰਜੀਤ ਸਿੰਘ ਉਰਫ਼ ਰਾਜੂ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਦੋਵੇਂ ਵਸਨੀਕਾਂ ਦੀ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਤੋਂ ਗ੍ਰਿਫ਼ਤਾਰੀ ਕੀਤੀ ਗਈ। ਇਨ੍ਹਾਂ ਦੋਵਾਂ ਕੋਲੋਂ ਇਕ 9 ਐੱਮਐੰਮ ਪਿਸਤੌਲ, ਚਾਰ .32 ਪਿਸਤੌਲ ਅਤੇ ਇਕ .32 ਰਿਵਾਲਵਰ), 8 ਕਾਰਤੂਸ, ਕਈ ਮੋਬਾਈਲ ਫੋਨ ਅਤੇ ਇੰਟਰਨੈਟ ਡੌਂਗਲ ਬਰਾਮਦ ਕੀਤੇ ਗਏ ਹਨ। ਦੋਹਾਂ ਨੂੰ ਏਐੱਸਆਈ ਗੁਰਦਰਸ਼ਨ ਸਿੰਘ, ਹੌਲਦਾਰ ਜ਼ੋਰਾ ਸਿੰਘ ਅਤੇ ਪੰਜਾਬ ਹੋਮ ਗਾਰਡ ਪ੍ਰੀਤਪਾਲ ਸਿੰਘ ਸਮੇਤ ਪੁਲੀਸ ਵੱਲੋਂ ਰਾਜਪੁਰਾ-ਸਰਹਿੰਦ ਰੋਡ ਦੇ ਹੋਟਲ ਜਸ਼ਨ ਨੇੜੇ ਚੈਕ ਪੋਸਟ ‘ਤੇ ਕਾਬੂ ਕੀਤਾ ਗਿਆ। ਦੋਹਾਂ ਖਿਲਾਫ਼ ਵੱਖ ਵੱਖ ਧਾਰਾਵਾਂ ਖ਼ਿਲਾਫ਼ ਕੇਸ ਦਰ ਕੀਤਾ ਗਿਆ ਹੈ।
ਡੀਜੀਪੀ ਅਨੁਸਾਰ ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ 4 ਹਥਿਆਰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਮਿਲੇ ਹਨ ਅਤੇ 2 ਸਫੀਦੋਂ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਮਿਲੇ ਹਨ, ਇਹ ਕਤਲ ਦੀ ਕੋਸ਼ਿਸ਼ ਕਰਕੇ ਲੋਂੜੀਦੇ ਸਨ ਅਤੇ ਦੋਵਾਂ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਵਿਖ ਆਰਮਜ਼ ਐਕਟ ਤਹਿਤ ਮੁਕੱਦਮਾ ਵੀ ਦਰਜ ਹੈ।
ਮੁੱਢਲੀ ਜਾਂਚ ਤੋਂ ਅੱਗੇ ਇਹ ਖੁਲਾਸਾ ਹੋਇਆ ਹੈ ਕਿ ਇਹ ਦੋਵੇਂ ਮੁਲਜ਼ਮ ਪੰਜ ਅਪਰਾਧੀਆਂ ਸ਼ੁਭਦੀਪ ਸਿੰਘ ਉਰਫ਼ ਸ਼ੁਭ ਨਿਵਾਸੀ ਚੀਚਾ, ਜ਼ਿਲ੍ਹਾ ਅੰਮ੍ਰਿਤਸਰ ਜੋ ਹੁਣ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਨ, ਅੰਮ੍ਰਿਤਪਾਲ ਸਿੰਘ ਬਾਠ ਨਿਵਾਸੀ ਮੀਆਂਪੁਰ ਜ਼ਿਲ੍ਹਾ ਤਰਨ ਤਾਰਨ, ਰਣਦੀਪ ਸਿੰਘ ਉਰਫ਼ ਰੋਮੀ ਨਿਵਾਸੀ ਛੇਹਰਟਾ, ਅੰਮ੍ਰਿਤਸਰ, ਗੋਲਡੀ ਅਤੇ ਆਸ਼ੂ ਦੇ ਸੰਪਰਕ ਵਿੱਚ ਸਨ। ਸ਼ੁਭਦੀਪ ਸਿੰਘ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦਾ ਸਰਗਰਮ ਅਤਿਵਾਦੀ ਸੀ, ਜਿਸ ਨੂੰ ਪੰਜਾਬ ਪੁਲੀਸ ਨੇ ਸਤੰਬਰ 2019 ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਹਾਵਾ ਤੋਂ ਚੀਨ ਦੁਆਰਾ ਬਣਾਏ ਡਰੋਨ ਦੀ ਬਰਾਮਦਗੀ ਦੌਰਾਨ ਗ੍ਰਿਫ਼ਤਾਰ ਕੀਤਾ ਸੀ।