ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕੋਵਿਡ ਹਸਪਤਾਲਾਂ ਲਈ ਨਵੇਂ ਨਿਯਮ ਨਿਰਧਾਰਤ ਕੀਤੇ ਹਨ, ਜਿਸ ਤਹਿਤ ਹੁਣ ਹਸਪਤਾਲਾਂ ‘ਚ ਇਲਾਜ ਕਰਵਾਉਣ ਲਈ ਕੋਵਿਡ ਰਿਪੋਰਟ ਵਿਖਾਉਣਾ ਜ਼ਰੂਰੀ ਨਹੀਂ ਹੋਵੇਗਾ। ਯਾਨੀ ਜੇਕਰ ਤੁਹਾਨੂੰ ਕੋਰੋਨਾ ਦੇ ਲੱਛਣ ਹਨ ਤੇ ਤੁਹਾਡੀ ਤਬੀਅਤ ਠੀਕ ਨਹੀਂ ਰਹਿ ਰਹੀ, ਤਾਂ ਤੁਸੀਂ ਬਿਨ੍ਹਾਂ ਟੈਸਟ ਕਰਵਾਏ ਵੀ ਹਸਪਤਾਲ ‘ਚ ਭਰਤੀ ਹੋ ਸਕਦੇ ਹੋ। ਦੱਸ ਦਈਏ ਕਿ ਅਜੇ ਤੱਕ ਹਸਪਤਾਲਾਂ ‘ਚ ਐਡਮਿਟ ਹੋਣ ਲਈ ਕੋਵਿਡ ਪਾਜ਼ੀਟਿਵ ਰਿਪੋਰਟ ਜ਼ਰੂਰੀ ਹੁੰਦੀ ਸੀ। ਅਜਿਹੇ ‘ਚ ਰਿਪੋਰਟ ਦੇ ਚੱਕਰ ‘ਚ ਮਰੀਜ਼ਾਂ ਨੂੰ ਕਾਫੀ ਪਰੇਸ਼ਾਨ ਹੋਣਾ ਪੈਂਦਾ ਸੀ।
ਵੱਖਰੇ ਵਾਰਡ ‘ਚ ਮਿਲੇਗਾ ਦਾਖਲਾ
ਕੇਂਦਰ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਸ਼ੱਕੀ ਵਾਰਡ ‘ਚ ਐਡਮਿਟ ਕੀਤਾ ਜਾਵੇਗਾ। ਨਵੀਂ ਪਾਲਿਸੀ ‘ਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਮਰੀਜ਼ਾਂ ਨੂੰ ਉਹਨਾਂ ਦੇ ਸੂਬੇ ਦੇ ਅਧਾਰ ‘ਤੇ ਵੀ ਇਲਾਜ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਬੰਧ ‘ਚ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ। ਉਹਨਾਂ ਨੂੰ ਕਿਹਾ ਗਿਆ ਹੈ ਕਿ ਨਵੀਂ ਨੀਤੀ ਨੂੰ ਤਿੰਨ ਦਿਨਾਂ ਅੰਦਰ ਅਮਲ ‘ਚ ਲਿਆਂਦਾ ਜਾਵੇ।
ਆਈਸੋਲੇਸ਼ਨ ਲਈ ਵੀ ਨਵੇਂ ਨਿਰਦੇਸ਼
ਸਿਹਤ ਮੰਤਰਾਲੇ ਦੇ ਮੁਤਾਬਕ, ਹੋਮ ਆਈਸੋਲੇਸ਼ਨ ‘ਚ 10 ਦਿਨਾਂ ਤੱਕ ਰਹਿਣ ਅਤੇ ਲਗਾਤਾਰ ਤਿੰਨ ਦਿਨਾਂ ਤੱਕ ਬੁਖਾਰ ਨਾ ਹੋਣ ਦੀ ਸੂਰਤ ‘ਚ ਮਰੀਜ਼ ਹੋਮ ਆਈਸੋਲੇਸ਼ਨ ਤੋਂ ਬਾਹਰ ਆ ਸਕਦੇ ਹਨ। ਉਸ ਵੇਲੇ ਟੈਸਟਿੰਗ ਦੀ ਲੋੜ ਨਹੀਂ ਹੋਵੇਗੀ। ਨਵੀਆਂ ਗਾਈਡਲਾਈਨਜ਼ ਮੁਤਾਬਕ, ਸਿਹਤ ਅਧਿਕਾਰੀ ਵੱਲੋਂ ਮਰੀਜ਼ ਦੀ ਸਥਿਤੀ ਨੂੰ ਹਲਕਾ ਜਾਂ ਬਿਨ੍ਹਾਂ ਲੱਛਣ ਵਾਲਾ ਕੇਸ ਤੈਅ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਮਾਮਲੇ ‘ਚ ਮਰੀਜ਼ ਦੇ ਸੈਲਫ ਆਈਸੋਲੇਸ਼ਮ ਦੀ ਵਿਵਸਥਾ ਉਹਨਾਂ ਦੇ ਘਰ ‘ਚ ਹੋਣੀ ਚਾਹੀਦੀ ਹੈ।