ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨ ਹੁਣ ਚੱਕਾ ਜਾਮ ਦੀ ਤਿਆਰੀ ਵਿੱਚ ਹਨ। 6 ਫਰਵਰੀ ਨੂੰ ਉਲੀਕੇ ਗਏ ਚੱਕਾ ਜਾਮ ਨੂੰ ਕਾਮਯਾਬ ਬਣਾਉਣ ਲਈ ਕਿਸਾਨ ਜਥੇਬੰਦੀਆੰ ਦੇਸ਼ ਭਰ ਤੋਂ ਸਮਰਥਨ ਜੁਟਾ ਰਹੀਆੰ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਮੁਤਾਬਿਕ 6 ਫਰਵਰੀ ਨੂੰ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਦਿਁਲੀ ਨੂੰ ਛੱਡ ਪੂਰੇ ਦੇਸ਼ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਟਿਕੈਤ ਨੇ ਕਿਹਾ, “ਜੋ ਲੋਕ ਜਾਮ ਵਿੱਚ ਫਸਣਗੇ, ਉਹਨਾਂ ਨੂੰ ਖਾਣਾ-ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ। ਅਸੀਂ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ।”
ਓਧਰ, ਕਿਸਾਨਾਂ ਦੇ ਚੱਕਾ ਜਾਮ ਤੋਂ ਪਹਿਲਾਂ ਸਰਕਾਰ ਵਿੱਚ ਹਲਚਲ ਤੇਜ਼ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਦਿੱਲੀ ਪੁਲਿਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਿਕ ਇਸ ਮੀਟਿੰਗ ਦੌਰਾਨ ਅੰਦੋਲਨ ਕਾਰਨ ਬਣ ਰਹੇ ਪੂਰੇ ਹਾਲਾਤ ‘ਤੇ ਚਰਚਾ ਕੀਤੀ ਗਈ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾੰ 26 ਜਨਵਰੀ ਨੂੰ ਕਿਸਾਨ ਟ੍ਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਹਿੰਸਾ ਹੋਈ ਸੀ, ਜਿਸ ਦੌਰਾਨ ਕਰੀਬ 400 ਪੁਲਿਸਕਰਮੀ ਜਖਮੀ ਹੋਏ ਸਨ।