ਬੇਅਦਬੀ ਕੇਸਾਂ ਦੀਆੰ ਫਾਈਲਾੰ CBI ਵੱਲੋਂ ਪੰਜਾਬ ਪੁਲਿਸ ਨੂੰ ਸੌੰਪੇ ਜਾਣ ਤੋੰ ਬਾਅਦ ਸਿਆਸਤ ਨੇ ਜ਼ੋਰ ਫੜ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਲਜ਼ਾਮਾਂ ਦਾ ਹੁਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਜਵਾਬ ਦਿੱਤਾ ਹੈ। ਹਰਸਿਮਰਤ ਨੇ ਇਲਜ਼ਾਮ ਲਗਾਇਆ ਕਿ ਕੈਪਟਨ ਕਿਸਾਨ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।
ਹਰਸਿਮਰਤ ਬਾਦਲ ਨੇ ਟਵੀਟ ਕੀਤਾ, “ਕੈਪਟਨ ਅਮਰਿੰਦਰ ਸਿੰਘ, ਅਸੀਂ ਜਾਣਦੇ ਹਾਂ ਕਿ ਤੁਸੀਂ ਕੇਂਦਰ ‘ਚ ਬੈਠੇ ਆਪਣੇ ‘ਆਕਾਵਾਂ’ ਦੇ ਇਸ਼ਾਰਿਆੰ ‘ਤੇ ਨੱਚ ਰਹੇ ਹੋ, ਜੋ ਕਿਸਾਨ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਅਕਾਲੀ ਦਲ ਚਾਹੁੰਦਾ ਹੈ ਕਿ ਦੋਸ਼ੀਆੰ ਨੂੰ ਸਜ਼ਾ ਮਿਲੇ, ਪਰ ਕੀ ਉਸ ਤੋਂ ਪਹਿਲਾਂ ਤੁਸੀਂ ਆਪਣੇ 4 ਸਾਲ ਦੇ ਕੁਸ਼ਾਸਨ ‘ਚ ਹੋਈਆੰ 100 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਲਓਗੇ?”
ਦੱਸ ਦਈਏ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਦਬਾਅ ਦੇ ਚਲਦੇ CBI ਮਾਮਲੇ ਨੂੰ ਲਟਕਾ ਰਹੀ ਸੀ ਅਤੇ SIT ਦੀ ਜਾਂਚ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਸੀ। ਇਸੇ ਦਾ ਹੀ ਨਤੀਜਾ ਹੈ ਕਿ ਅਕਾਲੀ ਦਲ ਦੇ ਸਰਕਾਰ ਤੋਂ ਵੱਖ ਹੋਣ ਤੋਂ ਮਹਿਜ਼ ਕੁਝ ਮਹੀਨਿਆਂ ਬਾਅਦ ਹੀ CBI ਨੇ ਫਾਈਲਾਂ ਪੰਜਾਬ ਪੁਲਿਸ ਨੂੰ ਸੌਂਪ ਦਿੱਤੀਆਂ। ਉਹਨਾਂ ਹਰਸਿਮਰਤ ਬਾਦਲ ‘ਤੇ ਵੀ ਮੰਤਰੀ ਰਹਿੰਦਿਆੰ ਅਹੁਦੇ ਦੀ ਦੁਰਵਰਤੋਂ ਦਾ ਇਲਜ਼ਾਮ ਲਗਾਇਆ। ਨਾਲ ਹੀ ਕੈਪਟਨ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਸੀ ਕਿ ਦੋਸ਼ੀ ਬੇਸ਼ੱਕ ਕਿਸੇ ਪਾਰਟੀ ਨਾਲ ਸਬੰਧਤ ਹੋਵੇ, ਜਾਂ ਫਿਰ ਉਸ ਨੂੰ ਸਿਆਸੀ ਸਰਪ੍ਰਸਤੀ ਹੋਵੇ, ਉਸ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।