October 6, 2022
(Chandigarh)
ਕਰੱਪਸ਼ਨ ਨੂੰ ਲੈ ਕੇ ਮਾਨ ਸਰਕਾਰ ਦਾ ਐਕਸ਼ਨ ਜਾਰੀ ਹੈ। ਹੁਣ ਪਠਾਨਕੋਟ ਵਿਚ ਸਿੱਖਿਆ ਵਿਭਾਗ ਦੇ ਕਲਰਕ ਨੂੰ ਰਿਸ਼ਵਤ ਮੰਗਣ ਦੇ ਇਲਜ਼ਾਮ ਹੇਠ ਸਸਪੈਂਡ ਕੀਤਾ ਗਿਆ ਹੈ। ਕਲਰਕ ‘ਤੇ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ।
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਦੇ ਦਫ਼ਤਰ ਵਿਖੇ ਤਾਇਨਾਤ ਕਲਰਕ ਅਰੁਣ ਕੁਮਾਰ ਜਾਇਜ਼ ਕੰਮ ਕਰਨ ਬਦਲੇ ਵੀ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਨਾਲ ਕਾਲ ਰਿਕਾਰਡਿੰਗ ਵੀ ਉਪਲਬਧ ਕਰਵਾਈ ਸੀ।
ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਸਬੰਧੀ ਤੁਰੰਤ ਮੁਢਲੀ ਜਾਂਚ ਕਰਵਾਈ ਅਤੇ ਦੋਸ਼ ਸਹੀ ਪਾਏ ਗਏ। ਜਿਸ ਤੇ ਉਨ੍ਹਾਂ ਡੀ.ਪੀ.ਆਈ. ਸੈਕੰਡਰੀ ਸਿੱਖਿਆ ਨੂੰ ਹੁਕਮ ਦਿੱਤੇ ਕਿ ਅਰੁਣ ਕੁਮਾਰ ਕਲਰਕ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਜਿਸ ਸਬੰਧੀ ਵਿਭਾਗੀ ਹੁਕਮ ਜਾਰੀ ਕਰ ਦਿੱਤੇ ਗਏ ਹਨ।