October 6, 2022
(Bureau Report)
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵੱਲੋਂ ਡਰੋਨ ਦੇ ਜ਼ਰੀਏ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਡਰੋਨ ਦੇ ਜ਼ਰੀਏ ਹਥਿਆਰ ਅਤੇ ਨਸ਼ੇ ਦੀ ਤਸਕਰੀ ਲਗਾਤਾਰ ਜਾਰੀ ਹੈ। ਹਾਲਾਂਕਿ BSF ਅਤੇ ਪੁਲਿਸ ਦੀ ਮੁਸ਼ਤੈਦੀ ਇਹਨਾਂ ਨਾਪਾਕ ਸਾਜ਼ਿਸ਼ਾਂ ਨੂੰ ਨਕਾਮ ਵੀ ਕਰ ਰਹੀ ਹੈ। ਪਰ ਹੁਣ BSF ਨੇ ਪਾਕਿਸਤਾਨੀ ਡਰੋਨਾਂ ਨਾਲ ਨਜਿੱਠਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ।
BSF ਨੇ ਐਲਾਨ ਕੀਤਾ ਹੈ ਕਿ ਡਰੋਨ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬਾਰਡਰ ਸਕਿਓਰਿਟੀ ਫੋਰਸ ਨੇ ਗੁਰਦਾਸਪੁਰ ਵਿੱਚ ਬਕਾਇਦਾ 1 ਲੱਖ ਰੁਪਏ ਇਨਾਮ ਦੇਣ ਸਬੰਧੀ ਪੋਸਟਰ ਵੀ ਲਗਵਾਏ ਹਨ।
BSF ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਮੇਤਲਾ, ਅਗਵਾਨ, ਬੋਹੜ ਪਠਾਣਾ, ਮੀਰਕਚਾਣਾ, ਮੋਮਨਪੁਰ, ਰੋਸਾ, ਪਕੀਵਾਂ, ਧੀਦੋਵਾਲ, ਬਰੀਲਾ, ਰੁਡੀਆਣਾ, ਦੋਸਤਪੁਰ, ਬੋਹੜ ਵਡਾਲਾ, ਚੌੜ ਖੁਰਦ ਆਦਿ ਦਰਸ਼ਨ ਦੇ ਕਰੀਬ ਪਿੰਡਾਂ ਵਿੱਚ ਪੋਸਟਰ ਲਗਵਾਏ ਹਨ।
ਜ਼ਰੂਰੀ ਫੋਨ ਨੰਬਰ ਵੀ ਕੀਤੇ ਗਏ ਜਾਰੀ
BSF ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਅਤੇ ਡਰੋਨ ਦੇ ਬਾਰੇ ਜਾਣਕਾਰੀ ਨੂੰ 9417809047, 9417901144, 9417809014, 9417809018, 9417901150, 01812233348 ਅਤੇ 9417901153 ਨੰਬਰਾਂ ‘ਤੇ ਸਾਂਝਾ ਕੀਤਾ ਜਾਵੇ। ਇਸ ਤੋਂ ਇਲਾਵਾ ਹੈਰੋਇਨ ਫੜਵਾਉਣ ਵਾਲੇ ਨੂੰ ਵੀ ਇਨਾਮ ਦਿੱਤਾ ਜਾਵੇਗਾ। DIG ਪ੍ਰਭਾਕਰ ਜੋਸ਼ੀ ਨੇ ਸਪੱਸ਼ਟ ਕੀਤਾ ਕਿ ਜਾਣਕਾਰੀ ਦੇਣ ਵਾਲਿਆਂ ਦੇ ਨਾਂਅ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ।