ਚੰਡੀਗੜ੍ਹ। ਨੌਜਵਾਨਾੰ ਨੂੰ ਆਪਣੇ ਦੇਸ਼ ਖਿਲਾਫ਼ ਭੜਕਾਉਣ ਵਾਲੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੂੰ NIA ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਪੰਨੂੰ ਨੂੰ ਮੋਹਾਲੀ ‘ਚ NIA ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸਦੇ ਲਈ 30 ਦਿਨਾੰ ਦੀ ਮੋਹਲਤ ਦਿੱਤੀ ਗਈ ਹੈ।
NIA ਕੋਰਟ ਦੇ ਸਪੈਸ਼ਲ ਜੱਜ ਰਾਕੇਸ਼ ਗੁਪਤਾ ਦੀ ਕੋਰਟ ਵੱਲੋੰ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗੁਰਪਤਵੰਤ ਪੰਨੂੰ ਨੇ ਗੈਰ-ਕਾਨੂੰਨੀ ਗਤੀਵਿਧੀਆੰ ਰੋਕੂ ਐਕਟ(UAPA) ਦੇ ਸੈਕਸ਼ਨ-16 ਤਹਿਤ ਅਪਰਾਧ ਕੀਤਾ ਹੈ, ਜਿਸਦੇ ਚਲਦੇ ਉਸ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਇਆ। ਪਰ ਕਿਉੰਕਿ ਪੰਨੂੰ ਆਪਣੀ ਕਿਸੇ ਵੀ ਰਿਹਾਇਸ਼ ‘ਤੇ ਮੌਜੂਦ ਨਹੀੰ ਸੀ, ਇਸ ਲਈ ਉਸ ਨੂੰ ਫਰਾਰ ਵਿਖਾਇਆ ਗਿਆ ਹੈ। ਇਸ ਲਈ ਉਸ ਨੂੰ ਇਸ ਨੋਟਿਸ ਦੇ ਜਾਰੀ ਹੋਣ ਤੋੰ ਬਾਅਦ NIA ਕੋਰਟ ‘ਚ ਪੇਸ਼ ਹੋਣ ਲਈ 30 ਦਿਨਾੰ ਦੀ ਮੋਹਲਤ ਦਿੱਤੀ ਜਾੰਦੀ ਹੈ।
UAPA ਦਾ ਸੈਕਸ਼ਨ-16 ਕੀ ਕਹਿੰਦਾ ਹੈ?
ਜੋ ਕੋਈ ਕਿਸੇ ਵਿਅਕਤੀ ਜਾੰ ਵਿਅਕਤੀਆੰ ਨੂੰ ਅੱਤਵਾਦੀ ਸਾਜ਼ਿਸ਼ ਲਈ ਭਰਤੀ ਕਰਦਾ ਹੈ ਜਾੰ ਕਰਵਾਉੰਦਾ ਹੈ, ਉਸਨੂੰ ਘੱਟੋ-ਘੱਟ ਪੰਜ ਸਾਲ ਕੈਦ ਦੀ ਸਜ਼ਾ ਭੁਗਤਣੀ ਪਏਗੀ। ਇਹ ਸਜ਼ਾ ਉਮਰ ਕੈਦ ਤੱਕ ਦੀ ਵੀ ਹੋ ਸਕਦੀ ਹੈ ਅਤੇ ਇਸ ਵਿੱਚ ਜੁਰਮਾਨੇ ਦੀ ਵੀ ਤਜਵੀਜ਼ ਹੈ।
SFJ ਦਾ ਚਿਹਰਾ ਹੈ ਗੁਰਪਤਵੰਤ ਸਿੰਘ ਪੰਨੂੰ
ਗੁਰਪਤਵੰਤ ਸਿੰਘ ਪੰਨੂੰ ਸਿੱਖਸ ਫਾਰ ਜਸਟਿਸ ਦਾ ਮੁੱਖ ਚਿਹਰਾ ਹੈ। ਸਿੱਖਸ ਫਾਰ ਜਸਟਿਸ (SFJ) ਨਾਮੀ ਸੰਸਥਾ ਖਾਲਿਸਤਾਨ ਪੱਖੀ ਸੋਚ ਨੂੰ ਸਮਰਥਨ ਦਿੰਦੀ ਹੈ। ਇਸਦਾ ਏਜੰਡਾ ਪੰਜਾਬ ‘ਚ ਵੱਖਰਾ ਖਾਲਿਸਤਾਨ ਬਣਾਉਣ ਦਾ ਹੈ। ਗੁਰਪਤਵੰਤ ਪੰਨੂੰ ਅਮਰੀਕਾ ਤੋੰ ਵਕਾਲਤ ਅਤੇ ਪੰਜਾਬ ਯੂਨੀਵਰਸਿਟੀ ਤੋੰ ਲਾਅ ਦੀ ਡਿਗਰੀ ਲੈ ਚੁੱਕਿਆ ਹੈ।