ਪਟਿਆਲਾ। ਪੰਜਾਬ ‘ਚ ਇਸ ਵੇਲੇ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਇਸ ਸੀਜ਼ਨ ‘ਚ ਅਕਸਰ ਖੇਤਾਂ ‘ਚ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ਤੇ ਪੜ੍ਹਨ ਨੂੰ ਮਿਲਦੀਆਂ ਹਨ, ਪਰ ਇਸ ਵਾਰ ਅਜਿਹਾ ਨਾ ਹੋਵੇ, ਇਸਦੇ ਲਈ ਪੰਜਾਬ ਸਟੇਟ ਪਾਵਰਕਾਮ ਲਿਮਟਿਡ ਨੇ ਸੂਬੇ ਦੇ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਹੈ।
ਪਾਵਰਕਾਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਉਹ ਟਰਾਂਸਫ਼ਾਰਮਰ ਦੇ ਆਲੇ-ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ ਹੀ ਕੱਟ ਲੈਣ। ਇਸ ਤੋਂ ਬਾਅਦ ਖੇਤ ‘ਚ ਲੱਗੇ ਟਰਾਂਸਫ਼ਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਕੀਤਾ ਜਾਵੇ, ਤਾਂ ਜੋ ਇੱਕ ਚੰਗਿਆੜੀ ਡਿੱਗਣ ‘ਤੇ ਵੀ ਅੱਗ ਲੱਗਣ ਤੋਂ ਬਚਾਅ ਹੋ ਸਕੇ।
ਬਿਜਲੀ ਖਪਤਕਾਰਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ
ਪਾਵਰਕਾਮ ਨੇ ਬਿਜਲੀ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਵਿੱਚ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ ਸਬੰਧੀ ਕੋਈ ਗੱਲ ਹੋਵੇ, ਤਾਂ ਉਸਦੀ ਸੂਚਨਾ ਖਪਤਕਾਰ ਤੁਰੰਤ ਨੇੜੇ ਦੇ ਉਪ ਮੰਡਲ ਦਫ਼ਤਰ/ਸ਼ਿਕਾਇਤ ਘਰ ਦੇ ਨਾਲ ਨਾਲ ਕੰਟਰੋਲ ਰੂਮ ਨੰਬਰਜ਼ 96461-06835/96461-06836 ਤੇ ਦੇਣ। ਇਸ ਤੋਂ ਇਲਾਵਾ ਵਟਸਐਪ ਨੰਬਰ 96461-06835 ‘ਤੇ ਲੋਕੇਸ਼ਨ ਵੀ ਭੇਜੀ ਜਾਵੇ, ਤਾਂ ਜੋ ਸਮੇਂ ਰਹਿੰਦੇ ਹਾਲਾਤ ਕਾਬੂ ਕੀਤੇ ਜਾ ਸਕਣ।
ਪਾਵਰਕਾਮ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਰਾਤ ਵੇਲੇ ਕੰਬਾਈਨ ਦੀ ਵਰਤੋਂ ਨਾ ਕਰਨ।