ਸ਼ਿਮਲਾ। ਦੇਸ਼ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲੇ ਬੇਹੱਦ ਡਰਾਉਣ ਵਾਲੇ ਹਨ। ਮੌਜੂਦਾ ਅੰਕੜੇ ਪਿਛਲੇ ਸਾਲ ਦੇ ਪੀਕ ਦੌਰਾਨ ਆਏ ਅੰਕੜਿਆਂ ਨੂੰ ਵੀ ਪਾਰ ਕਰਦੇ ਜਾ ਰਹੇ ਹਨ। ਲਿਹਾਜ਼ਾ ਹਰ ਸੂਬੇ ਦੀ ਸਰਕਾਰ ਆਪੋ-ਆਪਣੇ ਪੱਧਰ ‘ਤੇ ਕੋਰੋਨਾ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ‘ਚ ਰੁੱਝੀ ਹੋਈ ਹੈ।
ਇਸੇ ਕੜੀ ਤਹਿਤ ਹੁਣ ਹਿਮਾਚਲ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਸਣੇ 7 ਸੂਬਿਆਂ ਦੇ ਲੋਕਾਂ ਨੂੰ ਬਿਨ੍ਹਾਂ ਕੋਰੋਨਾ ਨੈਗੇਟਿਵ ਰਿਪੋਰਟ ਦੇ ਹਿਮਾਚਲ ‘ਚ ਐਂਟਰੀ ਦੀ ਇਜਾਜ਼ਤ ਨਹੀਂ ਹੋਵੇਗੀ। RT-PCR ਟੈਸਟ ਦੀ ਨੈਗੇਟਿਵ ਰਿਪੋਰਟ ਹੋਣ ‘ਤੇ ਹੀ ਹਿਮਾਚਲ ਦੀਆਂ ਵਾਦੀਆਂ ਦਾ ਮਜ਼ਾ ਲੈਣ ਦੀ ਇਜਾਜ਼ਤ ਹੋਵੇਗੀ। ਇਹ ਫ਼ੈਸਲਾ 16 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ।
ਹਿਮਾਚਲ ਦੇ ਉੱਚ ਅਧਿਕਾਰੀਆਂ ਨਾਲ ਕੋਰੋਨਾ ਦੇ ਹਾਲਾਤ ‘ਤੇ ਮੰਥਨ ਤੋਂ ਬਾਅਦ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ। ਬੈਠਕ ਤੋਂ ਬਾਅਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ‘ਚ ਸੈਲਾਨੀਆਂ ਦੇ ਆਉਣ ‘ਤੇ ਕੋਈ ਪਾਬੰਦੀ ਨਹੀਂ ਹੈ, ਪਰ ਜੋ ਵੀ ਇਥੇ ਆਏਗਾ ਉਸ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਇਸ ਤੋਂ ਇਲਾਵਾ ਹੋਟਲ ਮਾਲਕਾਂ ਨੂੰ ਵੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਸਖਤ ਆਦੇਸ਼ ਦਿੱਤਾ ਗਿਆ ਹੈ।
ਪੰਜਾਬ ਸਣੇ 7 ਸੂਬਿਆਂ ਲਈ ਆਦੇਸ਼
ਦੱਸ ਦਈਏ ਕਿ ਹਿਮਾਚਲ ਸਰਕਾਰ ਵੱਲੋਂ ਜਾਰੀ ਆਦੇਸ਼ ਪੰਜਾਬ ਸਣੇ 7 ਸੂਬਿਆਂ ‘ਤੇ ਲਾਗੂ ਹੋਵੇਗਾ। ਇਹ ਉਹ ਸੂਬੇ ਹਨ, ਜਿਥੇ ਕੋਰੋਨਾ ਲਗਾਤਾਰ ਬੇਲਗਾਮ ਹੁੰਦਾ ਜਾ ਰਿਹਾ ਹੈ ਅਤੇ ਆਏ ਦਿਨ ਰਿਕਾਰਡਤੋੜ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਇਹਨਾਂ ‘ਚ ਪੰਜਾਬ ਤੋਂ ਇਲਾਵਾ ਮਹਾਂਰਾਸ਼ਟਰ, ਦਿੱਲੀ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।