Home Corona ਪੰਜਾਬ 'ਚ ਆਕਸੀਜਨ ਉਤਪਾਦਨ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ

ਪੰਜਾਬ ‘ਚ ਆਕਸੀਜਨ ਉਤਪਾਦਨ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ

ਚੰਡੀਗੜ੍ਹ। ਪੰਜਾਬ ਵਿੱਚ ਵੱਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਪੈਦਾ ਹੋਏ ਖਤਰੇ ਨੂੰ ਵੇਖਦੇ ਹੋਏ, ਪੰਜਾਬ ਕੈਬਨਿਟ ਨੇ ਸਾਰੀਆਂ ਆਕਸੀਜਨ ਉਤਪਾਦਕ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਾਲ ਹੀ ਵਿਦੇਸ਼ੀ ਮਦਦ ਨੂੰ ਰਾਹਦਾਰੀ ਦੇਣ ਲਈ ਕਸਟਮ ਵਿਭਾਗ ਨਾਲ ਤਾਲਮੇਲ ਬਣਾਉਣ ਹਿੱਤ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਵੀ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਵਿਗੜਣ ਦੇ ਆਸਾਰ ਹਨ ਅਤੇ ਇਹ ਕੋਈ ਵੀ ਨਹੀਂ ਜਾਣਦਾ ਕਿ ਦੇਸ਼ ਅਤੇ ਸੂਬੇ ਵਿੱਚ ਕੋਵਿਡ ਦੀਆਂ ਹੋਰ ਕਿੰਨੀਆਂ ਲਹਿਰਾਂ ਉੱਠਣਗੀਆਂ।

ਜ਼ਿਕਰਯੋਗ ਹੈ ਕਿ ਆਕਸੀਜਨ ਉਤਪਾਦਕ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ, 2017 ਦੇ ਚੈਪਟਰ 10 ਦੇ ਕਲਾਜ 10.6 ਅਤੇ ਵਿਸਥਾਰਿਤ ਸਕੀਮਾਂ ਤੇ ਚਾਲੂ ਦਿਸ਼ਾ-ਨਿਰਦੇਸ਼ਾਂ, 2018 ਦੇ ਕਲਾਜ 2.22 ਤਹਿਤ ਦਿੱਤਾ ਗਿਆ ਹੈ।

ਮੰਤਰੀ ਮੰਡਲ ਵੱਲੋਂ ਉਪਰੋਕਤ ਫੈਸਲਾ ਸੂਬੇ ਵਿੱਚ ਕੋਵਿਡ ਮਹਾਂਮਾਰੀ ਕਰਕੇ ਵਧੇ ਮਾਮਲਿਆਂ ਮਗਰੋਂ ਆਕਸੀਜਨ ਦੀ ਥੁੜ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਹੈ। 4 ਮਈ ਨੂੰ ਖਤਮ ਹੋਏ ਹਫਤੇ ਲਈ ਸੂਬੇ ਵਿੱਚ ਔਸਤਨ ਪਾਜ਼ੇਟੀਵਿਟੀ ਦਰ 11.6 ਫੀਸਦੀ ਅਤੇ ਮਾਮਲਿਆਂ ਵਿੱਚ ਮੌਤ ਦੀ ਦਰ 2.1 ਫੀਸਦੀ ਹੋ ਗਈ ਹੈ ਜੋ ਕਿ 74 ਲੱਖ ਦੇ ਨਮੂਨਾ ਆਕਾਰ ਵਿੱਚੋਂ ਲਈ ਗਈ ਹੈ।

ਇਹਨਾਂ ‘ਤੇ ਲਾਗੂ ਹੋਵੇਗਾ ਦਰਜਾ

ਮੰਤਰੀ ਮੰਡਲ ਦੀ ਵਰਚੂਅਲ ਮੀਟਿੰਗ ਵਿੱਚ ਇਸ ਦਰਜੇ ਉੱਤੇ ਮੋਹਰ ਲਾਈ ਗਈ ਅਤੇ ਇਹ ਦਰਜਾ ਰੋਜ਼ਾਨਾ ਘੱਟੋ-ਘੱਟ 700 ਸਿਲੰਡਰ (5 ਐਮ.ਟੀ.) ਆਕਸੀਜਨ ਉਤਪਾਦਨ ਸਮਰੱਥਾ ਵਾਲੀਆਂ ਇਕਾਈਆਂ, ਆਕਸੀਜਨ ਸਿਲੰਡਰ ਉਤਪਾਦਕਾਂ/ਨਿਰਮਾਣ ਕਰਨ ਵਾਲਿਆਂ ਅਤੇ ਆਕਸੀਜਨ ਕੰਸਨਟ੍ਰੇਟਰ ਉਤਪਾਦਕ ਇਕਾਈਆਂ ’ਤੇ ਲਾਗੂ ਹੋਵੇਗਾ। ਆਕਸੀਜਨ ਦੀ ਮੁੜ ਭਰਾਈ ਕਰਨ ਵਾਲੀਆਂ ਇਕਾਈਆਂ ਵਿਸ਼ੇਸ਼ ਦਰਜੇ ਤਹਿਤ ਨਹੀਂ ਆਉਣਗੀਆਂ।

ਇਸ ਫੈਸਲੇ ਨਾਲ ਇਹ ਇਕਾਈਆਂ (ਨਵੀਆਂ ਅਤੇ ਪੁਰਾਣੀਆਂ ਦੋਵੇਂ) ਸੀ.ਐਲ.ਯੂ./ਬਾਹਰੀ ਵਿਕਾਸ ਖਰਚੇ (ਈ.ਡੀ.ਸੀ.), ਪ੍ਰਾਪਰਟੀ ਟੈਕਸ, ਬਿਜਲੀ ਚੁੰਗੀ, ਸਟੈਂਪ ਡਿਊਟੀ ਅਤੇ ਨਿਵੇਸ਼ ਸਬਸਿਡੀ, ਜੋ ਕਿ ਜ਼ਮੀਨ ਅਤੇ ਮਸ਼ੀਨਰੀ ਵਿੱਚ ਕੀਤੇ ਗਏ ਪੱਕੇ ਪੂੰਜੀਗਤ ਨਿਵੇਸ਼ ਦੇ 125 ਫੀਸਦੀ ਤੱਕ ਜੀ.ਐਸ.ਟੀ. ਦੀ ਪ੍ਰਤੀ ਪੂਰਤੀ ਰਾਹੀਂ ਦਿੱਤੀ ਜਾਂਦੀ ਹੈ, ਤੋਂ 100 ਫੀਸਦੀ ਛੋਟ ਲੈ ਸਕਣਗੀਆਂ।

ਮੌਜੂਦਾ ਸਮੇਂ ‘ਚ ਆਕਸੀਜ਼ਨ ਦਾ ਗਣਿਤ

ਮੌਜੂਦਾ ਸਮੇਂ ਪੰਜਾਬ ਨੂੰ ਸੂਬੇ ਤੋਂ ਬਾਹਰੋਂ 195 ਐਮ.ਟੀ. ਰੋਜ਼ਾਨਾ ਆਕਸੀਜਨ ਸਪਲਾਈ ਮਿਲਦੀ ਹੈ। ਇਸ ਵਿੱਚ ਆਈਨੌਕਸ ਪਲਾਂਟ ਬੱਦੀ ਤੋਂ 60 ਐਮ.ਟੀ., ਪਾਣੀਪਤ ਦੇ ਏਅਰ ਲੀਕੁਈਡੇ ਪਲਾਂਟ ਤੋਂ 20 ਐਮ.ਟੀ., ਰੁੜਕੀ ਦੇ ਏਅਰ ਲੀਕੁਈਡੇ ਪਲਾਂਟ ਤੋਂ 15 ਐਮ.ਟੀ., ਦੇਹਰਾਦੂਨ ਦੇ ਲੀਂਡੇ ਪਲਾਂਟ ਤੋਂ 10 ਐਮ.ਟੀ. ਅਤੇ ਬੋਕਾਰੋ ਦੇ ਆਈਨੌਕਸ ਪਲਾਂਟ ਤੋਂ 90 ਐਮ.ਟੀ. ਦੀ ਸਪਲਾਈ ਸ਼ਾਮਲ ਹੈ। ਪਰ, ਅਸਲ ਵਿੱਚ ਰੋਜ਼ਾਨਾ ਇਨਾਂ ਸਾਰੇ ਪਲਾਂਟਾਂ ਤੋਂ ਸਿਰਫ 140 ਐਮ.ਟੀ. ਦੀ ਸਪਲਾਈ ਹੀ ਮਿਲ ਪਾਉਂਦੀ ਹੈ ਕਿਉਂਕਿ ਟੈਂਕਰਾਂ ਦੀ ਘਾਟ ਕਾਰਨ ਆਕਸੀਜਨ ਦੀ ਚੁਕਾਈ ਵਿੱਚ, ਖਾਸਕਰਕੇ ਬੋਕਾਰੋ ਤੋਂ, ਬਹੁਤ ਮੁਸ਼ਕਿਲ ਆਉਂਦੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈ.ਓ.ਸੀ.ਐਲ.) ਵੱਲੋਂ ਦਿੱਤੇ ਗਏ ਦੋ ਵਾਧੂ ਟੈਂਕਰ ਤਕਨੀਕੀ/ਅਨੁਕੂਲਤਾ ਸਮੱਸਿਆਵਾਂ ਕਾਰਨ ਅਜੇ ਅਣਵਰਤੇ ਪਏ ਹਨ। ਇਸ ਤੋਂ ਇਲਾਵਾ ਵਾਰ-ਵਾਰ ਬੇਨਤੀ ਦੇ ਬਾਵਜੂਦ ਲੀਂਡੇ ਅਤੇ ਏਅਰ ਲੀਕੁਇਡੇ ਵੱਲੋਂ ਕੀਤੇ ਵਾਅਦੇ ਮੁਤਾਬਿਕ ਕੋਟਾ ਜਾਰੀ ਨਹੀਂ ਕੀਤਾ ਜਾ ਰਿਹਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments