Home Corona CMC ਲੁਧਿਆਣਾ 'ਚ 50 ਬਿਸਤਰਿਆਂ ਦੇ ਬੱਚਿਆਂ ਦੇ ਕੋਵਿਡ ਸੰਭਾਲ ਵਾਰਡ ਦਾ...

CMC ਲੁਧਿਆਣਾ ‘ਚ 50 ਬਿਸਤਰਿਆਂ ਦੇ ਬੱਚਿਆਂ ਦੇ ਕੋਵਿਡ ਸੰਭਾਲ ਵਾਰਡ ਦਾ ਉਦਘਾਟਨ

ਚੰਡੀਗੜ੍ਹ। ਕੋਰੋਨਾ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਲਈ ਪੰਜਾਬ ਸਰਕਾਰ ਨੇ ਕਮਰ ਕੱਸੀ ਹੋਈ ਹੈ। ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ CMC ਲੁਧਿਆਣਾ ਵਿਖੇ ਹਸਪਤਾਲ ਅਤੇ ਪੁਲਿਸ ਪਬਲਿਕ ਫਾਊਡੇਸ਼ਨ (ਪੀ.ਪੀ.ਐਫ.) ਵਿਚਾਲੇ ਸਾਂਝੇਦਾਰੀ ਦੀ ਪਹਿਲ ਨਾਲ ਸਥਾਪਤ ਕੀਤੇ 50 ਬਿਸਤਰਿਆਂ ਦੇ ਬੱਚਿਆਂ ਦੇ ਕੋਵਿਡ ਸੰਭਾਲ ਵਾਰਡ ਦਾ ਵਰਚੁਅਲ ਉਦਘਾਟਨ ਕੀਤਾ।

Image

ਇਸ ਮੌਕੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਜ਼ਿਲੇ ਵਿੱਚ 2 ਆਕਸੀਜਨ ਪਲਾਂਟ ਸਥਾਪਤ ਕਰਨ ਲਈ MOU ਵੀ ਸਾਈਨ ਕੀਤਾ ਗਿਆ, ਜਿਸ ਲਈ 20 ਉਦਯੋਗਾਂ ਵੱਲੋਂ 1.2 ਕਰੋੜ ਰੁਪਏ ਦਾਨ ਦਿੱਤਾ ਗਿਆ। 2 ਹਸਪਤਾਲਾਂ ਨਾਲ ਉਦਯੋਗਾਂ ਤਰਫੋਂ ਸਮਝੌਤਾ ਕਰਨ ਵਾਲੇ CII ਦੇ ਸਾਬਕਾ ਪ੍ਰਧਾਨ ਰਾਹੁਲ ਆਹੁਜਾ ਅਨੁਸਾਰ ਇਹ 2 ਪਲਾਂਟ CMC ਲੁਧਿਆਣਾ ਅਤੇ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਵਿਖੇ 6 ਤੋਂ 8 ਹਫਤਿਆਂ ਦੇ ਅੰਦਰ ਸਥਾਪਤ ਹੋਣਗੇ। ਸਮਝੌਤੇ ਅਨੁਸਾਰ 20 ਫੀਸਦੀ ਆਕਸੀਜਨ ਇਲਾਜ ਲਈ ਗਰੀਬ ਮਰੀਜ਼ਾਂ ਨੂੰ ਸਬਸਿਡੀ ‘ਤੇ ਮਿਲੇਗੀ।

Image

‘ਮਾੜੇ ਤੋਂ ਮਾੜੇ ਹਾਲਾਤ ਨਾਲ ਨਜਿੱਠਣ ਲਈ ਤਿਆਰ’

ਮੁੱਖ ਮੰਤਰੀ ਨੇ ਸੂਬੇ ਦੇ ਉਦਯੋਗਾਂ ਅਤੇ ਸਿਵਲ ਸੁਸਾਇਟੀ ਦੇ ਨਾਲ-ਨਾਲ ਪੁਲਿਸ ਨਾਲ ਸਾਂਝੀ ਪਹਿਲਕਦਮੀ ਨੂੰ ਵਧੀਆ ਕਦਮ ਦੱਸਦਿਆਂ ਕਿਹਾ ਕਿ ਮਹਾਂਮਾਰੀ ਵੱਡੀ ਚੁਣੌਤੀ ਹੈ ਅਤੇ ਸੂਬੇ ਨੂੰ ਮਾੜੀ ਤੋਂ ਮਾੜੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਕਿ ਕਿਸੇ ਨੂੰ ਨਹੀਂ ਪਤਾ ਕਿ ਭਾਰਤ ਵਿੱਚ ਤੀਜੀ ਲਹਿਰ ਆਵੇਗੀ, ਪਰ ਪੰਜਾਬ ਕਿਸੇ ਵੀ ਹੋਰ ਸੰਭਾਵੀ ਲਹਿਰ ਜਿਹੜੀ ਕਿ ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰ ਸਕਦੀ ਹੈ, ਦਾ ਮੁਕਾਬਲਾ ਕਰਨ ਲਈ ਪੂਰੀਆਂ ਤਿਆਰੀਆਂ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਾਂ ਨੂੰ ਅਪੀਲ ਕੀਤੀ ਕਿ ਆਪਣੇ ਕਰਮਚਾਰੀਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ, ਤਾਂ ਜੋ ਉਨ੍ਹਾਂ ਅਤੇ ਸਾਰੇ ਪੰਜਾਬੀਆਂ ਨੂੰ ਬਚਾਇਆ ਜਾ ਸਕੇ।

ਸੀਐੱਮ ਨੇ ਉਦਯੋਗਾਂ ਦੀ ਵੀ ਕੀਤੀ ਤਾਰੀਫ਼

Image

ਮਹਾਂਮਾਰੀ ਵਿਰੁੱਧ ਸੂਬਾ ਸਰਕਾਰ ਦੀ ਲੜਾਈ ਵਿੱਚ ਉਦਯੋਗਾਂ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਹਮੇਸ਼ਾ ਹੀ ਕਿਸੇ ਵੀ ਸੰਕਟ ਵਿੱਚ ਮਦਦ ਕਰਨ ਲਈ ਅੱਗੇ ਹੱਥ ਵਧਾਉਂਦੇ ਹਨ। ਉਨ੍ਹਾਂ ਚੇਤੇ ਕਰਦਿਆਂ ਕਿਹਾ ਕਿ ਵਰਧਮਾਨ ਤੇ ਓਸਵਾਲ ਉਦਯੋਗਾਂ ਨੇ ਉਸ ਵੇਲੇ ਆਕਸੀਜਨ ਸਪਲਾਈ ਵਿੱਚ ਮੱਦਦ ਕੀਤੀ ਜਦੋਂ ਕੋਵਿਡ ਕੇਸ ਆਪਣੀ ਸਿਖਰ ‘ਤੇ ਸਨ। ਉਨ੍ਹਾਂ ਕਿਹਾ ਕਿ ਕੇਸ ਭਾਵੇਂ ਕਿ ਪਹਿਲੀ ਜੂਨ ਨੂੰ ਘਟ ਕੇ 2184 ‘ਤੇ ਆ ਗਏ ਹਨ, ਪਰ ਇਸ ਬਾਰੇ ਹਾਲੇ ਕੋਈ ਪਤਾ ਨਹੀਂ ਕਿ ਇਹ ਸੰਕਟ ਕਿੰਨਾ ਲੰਬਾ ਚੱਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਇਸ ਵਿੱਚੋਂ ਬਾਹਰ ਆਵੇਗਾ ਅਤੇ ਫਤਹਿ ਹਾਸਲ ਕਰੇਗਾ।

ਪੰਜਾਬ ਪੁਲਿਸ ਦੇ ਯੋਗਦਾਨ ਦੀ ਵੀ ਕੀਤੀ ਸ਼ਲਾਘਾ

ਮੁੱਖ ਮੰਤਰੀ ਨੇ ਕੋਵਿਡ ਵਾਰਡ ਲਈ ਪੰਜਾਬ ਪੁਲਿਸ ਫੰਡ ਦੀ ਸ਼ਲਾਘਾ ਕੀਤੀ, ਜਿਹੜਾ ਕਿ CMC ਹਸਪਤਾਲ ਨਾਲ ਕੀਤੇ ਸਮਝੌਤੇ ਤਹਿਤ ਮੈਡੀਕਲ ਢਾਂਚੇ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਦੇ ਨਾਲ-ਨਾਲ ਆਮ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਲਈ ਵੱਧ-ਚੜ੍ਹ ਕੇ ਯੋਗਦਾਨ ਪਾਇਆ ਹੈ ਅਤੇ ਖਾਣੇ ਦੀ ਵੰਡ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਭੋਜਨ ਹੈਲਪਲਾਈਨ ਸਮੇਤ ਬਹੁਤ ਸਾਰੇ ਸਮਾਜ ਸੇਵੀ ਕੰਮ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਵਿੱਚ ਕੋਈ ਵੀ ਭੁੱਖੇ ਨਾ ਸੌਂਵੇ।

ਵਾਰਡ ‘ਚ ਹੋਣਗੀਆਂ ਇਹ ਸਾਰੀਆਂ ਸਹੂਲਤਾਂ

CMC ਹਸਪਤਾਲ ਨੇ ਵਾਰਡ ਸਥਾਪਤ ਕਰਨ ਲਈ ਜਗ੍ਹਾ, ਸਟਾਫ ਸਬੰਧੀ ਸੇਵਾਵਾਂ, ਪ੍ਰਸ਼ਾਸਕੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਹੈ, ਜੋ ਕਿ ਲੈਵਲ-2 ਦੀ ਸਹੂਲਤ ਹੈ। ਇਸ ਵਾਰਡ ਦੇ ਮਰੀਜ਼ਾਂ ਨੂੰ ਰਿਆਇਤੀ ਦਰਾਂ ‘ਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ 20 ਫੀਸਦੀ ਬੈੱਡ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ। ਵਾਰਡ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਸਾਰੇ ਲੋੜੀਂਦੇ ਬੁਨਿਆਦੀ ਢਾਂਚੇ ਜਿਵੇਂ ਮਰੀਜ਼ਾਂ ਦੇ ਬੈਡ, ਕਾਰਡੀਅਕ ਮੋਨੀਟਰ, ਆਕਸੀਜਨ ਕੰਸਨਟ੍ਰੇਟਰ ਅਤੇ ਯੂ.ਪੀ.ਐਸ. ਸਿਸਟਮ ਨਾਲ ਲੈਸ ਹਨ। ਇਹ ਵਾਰਡ ਸਮਝੌਤੇ ‘ਤੇ ਦਸਤਖਤ ਹੋਣ ਤੋਂ ਇਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments