January 19, 2023
(Pathankot)
ਪੰਜਾਬ ਵਿੱਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੂਰੀ ਹੋ ਗਈ ਹੈ। ਯਾਤਰਾ ਦੇ ਆਖਰੀ ਦਿਨ ਰਾਹੁਲ ਗਾਂਧੀ ਨੇ ਪਠਾਨਕੋਟ ਵਿੱਚ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿੱਚ ਰਾਹੁਲ ਗਾਂਧੀ ਦੇ ਨਾਲ ਪਾਰਟੀ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਵੀ ਪਹੁੰਚੇ।
ਰੈਲੀ ਵਿੱਚ ਰਾਹੁਲ ਗਾਂਧੀ ਨੇ ਬੀਜੇਪੀ ਅਤੇ ‘ਆਪ’ ‘ਤੇ ਜ਼ੋਰਦਾਰ ਹਮਲਾ ਬੋਲਿਆ, ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਤਮਾਮ ਆਗੂਆਂ ਦੇ ਨਿਸ਼ਾਨੇ ‘ਤੇ ਦੂਜੀਆਂ ਪਾਰਟੀਆਂ ਤੋਂ ਕਾਂਗਰਸ ਵਿੱਚ ਆਉਣ ਵਾਲੇ ਆਗੂ ਰਹੇ। ਜਿਹਨਾਂ ਨੂੰ ਘੱਟ ਸਮੇਂ ‘ਚ ਵੱਡੇ ਅਹੁਦੇ ਮਿਲੇ, ਪਰ ਬੁਰੇ ਵਕਤ ਵਿੱਚ ਪਾਰਟੀ ਦਾ ਸਾਥ ਛੱਡ ਦਿੱਤਾ। ਨਿਸ਼ਾਨਾ ਸਿੱਧੇ ਤੌਰ ‘ਤੇ ਮਨਪ੍ਰੀਤ ਬਾਦਲ ‘ਤੇ ਸੀ, ਪਰ ਇਸ਼ਾਰਾ ਨਵਜੋਤ ਸਿੱਧੂ ਵੱਲ ਵੀ ਸੀ, ਜਿਹਨਾਂ ਨੂੰ ਮੁੜ ਪਾਰਟੀ ਵਿੱਚ ਨਵੀਂ ਜ਼ਿੰਮੇਵਾਰੀ ਦੇਣ ਦੀ ਚਰਚਾ ਚੱਲ ਰਹੀ ਹੈ।
ਕਾਂਗਰਸ ਦੀ ਵਿਚਾਰਧਾਰਾ ਵਾਲੇ ਆਗੂਆਂ ਨੂੰ ਅੱਗੇ ਲਿਆਓ- ਬਾਜਵਾ
ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਦੇਸ਼ ਦੀ ਏਕਤਾ-ਅਖੰਡਤਾ ਨੂੰ ਬਹਾਲ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਨੇ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਪਾਰਟੀ ਵਿੱਚ ਕਾਂਗਰਸ ਦੀ ਸੋਚ ਵਾਲੇ ਲੋਕਾਂ ਨੂੰ ਹੀ ਅੱਗੇ ਲੈ ਕੋੇ ਆਓ। ਜੇਕਰ ਅਜਿਹਾ ਪਹਿਲਾਂ ਹੁੰਦਾ, ਤਾਂ ਪੰਜਾਬ ਵਿੱਚ ਕਾਂਗਰਸ ਦੀ ਇਹ ਹਾਲਤ ਨਾ ਹੁੰਦੀ। ਉਹਨਾਂ ਕਿਹਾ ਕਿ ਪੈਰਾਸ਼ੂਟਰ ਕਾਂਗਰਸ ਦਾ ਭਲਾ ਨਹੀਂ ਕਰਨਗੇ, ਇਹਨਾਂ ਨੇ ਪਹਿਲਾਂ ਹੀ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਅਜਿਹੇ ਆਗੂਆਂ ਤੋਂ ਪਾਰਟੀ ਨੂੰ ਸੁਚੇਤ ਕੀਤਾ। ਵੜਿੰਗ ਨੇ ਕਿਹਾ ਕਿ ਮੌਕਾਪ੍ਰਸਤ ਆਗੂਆਂ ਤੋਂ ਪਾਰਟੀ ਨੂੰ ਬਚਾਉਣ ਦੀ ਲੋੜ ਹੈ। ਸੁਖਜਿੰਦਰ ਰੰਧਾਵਾ ਨੇ ਵੀ ਬਾਜਵਾ ਅਤੇ ਵੜਿੰਗ ਦੇ ਸੁਰ ਵਿੱਚ ਸੁਰ ਮਿਲਾਉਂਦੇ ਹੋਏ ਟਕਸਾਲੀ ਆਗੂਆਂ ਨੂੰ ਹੀ ਪਾਰਟੀ ਵਿੱਚ ਅਹਿਮ ਜ਼ਿੰਮੇਵਾਰੀਆਂ ਦੇਣ ਦੀ ਵਕਾਲਤ ਕੀਤੀ।
26 ਨੂੰ ਜੇਲ੍ਹ ਤੋਂ ਬਾਹਰ ਆਉਣਗੇ ਸਿੱਧੂ
ਦੱਸਣਯੋਗ ਹੈ ਕਿ 26 ਜਨਵਰੀ ਦੀ ਸ਼ਾਮ 7 ਵਜੇ ਸਿੱਧੂ ਜੇਲ੍ਹ ਤੋਂ ਰਿਹਾਅ ਹੋ ਜਾਣਗੇ। 8 ਮਹੀਨੇ ਦੀ ਕੈਦ ਤੋਂ ਬਾਅਦ ਸਿੱਧੂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਜੇਲ੍ਹ ਅੰਦਰ ਚੰਗੇ ਵਿਵਹਾਰ ਦੇ ਚਲਦੇ ਨਵਜੋਤ ਸਿੰਘ ਸਿੱਧੂ ਦਾ ਨਾਂਅ ਉਹਨਾਂ 50 ਕੈਦੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ, ਜਿਹਨਾਂ ਨੂੰ 26 ਜਨਵਰੀ 2023 ਨੂੰ ਗਣਤੰਤਰ ਦਿਹਾੜੇ ਮੌਕੇ ਰਿਹਾਅ ਕੀਤਾ ਜਾਣਾ ਹੈ। ਦੱਸ ਦਈਏ ਕਿ ਸਿੱਧੂ ਨੂੰ 34 ਸਾਲ ਪੁਰਾਣੇ ਰੋਡਰੇਜ ਕੇਸ ਵਿੱਚ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਮਨਪ੍ਰੀਤ ਦੀ ਸਿੱਧੂ ਨਾਲ ਮੁਲਾਕਾਤ ਦੇ ਵੀ ਮਾਇਨੇ
ਦਿਲਚਸਪ ਹੈ ਕਿ ਪੰਜਾਬ ਕਾਂਗਰਸ ਨੂੰ ਹਾਲ ਹੀ ਵਿੱਚ ਅਲਵਿਦਾ ਕਹਿਣ ਵਾਲੇ ਮਨਪ੍ਰੀਤ ਬਾਦਲ ਨੇ ਕਰੀਬ ਇੱਕ ਮਹੀਨਾ ਪਹਿਲਾਂ ਜੇਲ੍ਹ ਵਿੱਚ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਹੁਣ ਮਨਪ੍ਰੀਤ ਬਾਦਲ ਦੇ ਬੀਜੇਪੀ ਵਿੱਚ ਜਾਣ ਮਗਰੋਂ ਉਹਨਾਂ ਦੀ ਸਿੱਧੂ ਨਾਲ ਹੋਈ ਮੁਲਾਕਾਤ ਦੇ ਵੀ ਕਈ ਮਾਇਨੇ ਕੱਢੇ ਜਾ ਰਹੇ ਹਨ। ਜ਼ਿਕਰੇਖਾਸ ਹੈ ਕਿ ਮਨਪ੍ਰੀਤ ਦੀ ਹੀ ਤਰ੍ਹਾਂ ਨਵਜੋਤ ਸਿੱਧੂ ਨਾਲ ਵੀ ਰਾਜਾ ਵੜਿੰਗ ਦਾ 36 ਦਾ ਅੰਕੜਾ ਹੈ।