ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਭਰ ‘ਚ 30 ਅਪ੍ਰੈਲ ਤੱਕ ਸਿਆਸੀ ਇਕੱਠਾਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦੇ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਸਿਆਸੀ ਆਗੂਆਂ ‘ਤੇ ਕੇਸ ਦਰਜ ਕੀਤਾ ਜਾਵੇਗਾ। ਬੁੱਧਵਾਰ ਨੂੰ ਸੀਐੱਮ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਹੋਈ ਬੈਠਕ ਦੌਰਾਨ ਇਹ ਫ਼ੈਸਲਾ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਸਿਆਸੀ ਆਗੂਆਂ ਨੂੰ ਕੋਰੋਨਾ ਦੇ ਮੱਦੇਨਜ਼ਰ ਰੈਲੀਆਂ ਨਾ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਉਹਨਾਂ ਨੇ ਅਣਗੌਲਿਆਂ ਕੀਤਾ। ਇਹੀ ਕਾਰਨ ਹੈ ਕਿ ਹੁਣ ਸਰਕਾਰ ਨੂੰ ਸਖਤ ਫ਼ੈਸਲੇ ਲੈਣ ਦੀ ਜ਼ਰੂਰਤ ਪੈ ਰਹੀ ਹੈ।
ਇਸਦੇ ਨਾਲ ਹੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਦਿੱਲੀ ਦੇ ਮੁੱਖ ਮੰਤੀਰ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਿਆ। ਸੀਐੱਮ ਨੇ ਕਿਹਾ, “ਸੁਖਬੀਰ ਅਤੇ ਕੇਜਰੀਵਾਲ ਸੁਰੱਖਿਆ ਪ੍ਰੋਟੋਕਾਲ ਦੀ ਪਰਵਾਹ ਕੀਤੇ ਬਿਨਾਂ ਸਿਆਸੀ ਰੈਲੀਆਂ ਕਰ ਰਹੇ ਹਨ, ਤੇ ਅਜਿਹਾ ਵਿਵਹਾਰ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਜੇਕਰ ਵੱਡੇ ਸਿਆਸੀ ਆਗੂ ਹੀ ਅਜਿਹਾ ਵਿਵਹਾਰ ਕਰਨਗੇ, ਤਾਂ ਲੋਕਾਂ ਤੋਂ ਸੰਜੀਦਗੀ ਦੀ ਉਮੀਦ ਕਿਵੇੇਂ ਕੀਤੀ ਜਾ ਸਕਦੀ ਹੈ? ”
ਸੀਐੱਮ ਨੇ ਕਿਹਾ ਕਿ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਸਰਕਾਰ ਦੀ ਸਖਤੀ ਜ਼ਰੂਰੀ ਸੀ। ਉਹਨਾਂ ਕਿਹਾ ਕਿ ਜੇਕਰ ਸੂਬੇ ‘ਚ ਸਿਆਸੀ ਇਕੱਠਾਂ ‘ਤੇ ਲਾਏ ਬੈਨ ਦੀ ਉਲੰਘਣਾ ਹੋਈ, ਤਾਂ DMA ਅਤੇ Epidemics ਐਕਟ ਤਹਿਤ ਆਗੂਆਂ ‘ਤੇ ਕੇਸ ਦਰਜ ਕੀਤਾ ਜਾਵੇਗਾ। ਇਸਦੇ ਨਾਲ ਹੀ ਟੈਟ ਹਾਊਸ ਦੇ ਮਾਲਕਾਂ ਅਤੇ ਰੈਲੀਆਂ ਲਈ ਦਿੱਤੀ ਗਈ ਪ੍ਰਾਪਰਟੀ ਦੇ ਮਾਲਕ ‘ਤੇ ਵੀ ਕੇਸ ਦਰਜ ਹੋਵੇਗਾ। ਇੰਨਾ ਹੀ ਨਹੀਂ, ਉਸ ਪ੍ਰਾਪਰਟੀ ਨੂੰ 3 ਮਹੀਨਿਆਂ ਲਈ ਸੀਲ ਵੀ ਕੀਤਾ ਜਾਵੇਗਾ।
ਸੁਖਬੀਰ ਬਾਦਲ ਨਿਸ਼ਾਨੇ ‘ਤੇ ਕਿਉਂ ?
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਸਰਕਾਰ ਖਿਲਾਫ਼ ਲਗਾਤਾਰ ਰੈਲੀਆਂ ਕਰ ਰਹੀਆਂ ਹਨ। ‘ਪੰਜਾਬ ਮੰਗਦਾ ਜੁਆਬ’ ਦੇ ਨਾੰਅ ਨਾਲ ਸੁਖਬੀਰ ਬਾਦਲ ਪਿਛਲੇ ਕਰੀਬ ਇੱਕ ਮਹੀਨੇ ‘ਚ 6 ਵੱਡੀਆਂ ਰੈਲੀਆਂ ਕਰ ਚੁੱਕੇ ਹਨ। ਇਹਨਾਂ ਰੈਲੀਆਂ ‘ਚ ਪਾਰਟੀ ਵੱਲੋਂ ਵੱਡੇ ਇਕੱਠ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਸੁਖਬੀਰ ਬਾਦਲ CM ਦੇ ਨਿਸ਼ਾਨੇ ‘ਤੇ ਹਨ। ਦੱਸ ਦਈਏ ਕਿ ਇਹਨਾਂ ਰੈਲੀਆਂ ਦੌਰਾਨ ਹੀ ਸੁਖਬੀਰ ਬਾਦਲ ਖੁਦ ਵੀ ਕੋਰੋਨਾ ਦੀ ਚਪੇਟ ‘ਚ ਆ ਗਏ ਸਨ, ਜਿਸ ਤੋਂ ਬਾਅਦ ਕਈ ਦਿਨ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਵੀ ਦਾਖਲ ਰਹੇ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਸੁਖਬੀਰ ਬਾਦਲ ਨੇ ਰੈਲੀਆਂ ਦਾ ਦੌਰ ਜਾਰੀ ਰੱਖਿਆ।
ਕੇਜਰੀਵਾਲ ਦੀ ਰੈਲੀ ‘ਚ ਵੀ ਉੱਡੀਆਂ ਨਿਯਮਾਂ ਦੀਆਂ ਧੱਜੀਆਂ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਮਹੀਨੇ ਮੋਗਾ ‘ਚ ਵੱਡੀ ਸਿਆਸੀ ਰੈਲੀ ਕੀਤੀ ਸੀ, ਜਿਸ ਦੌਰਾਨ ਵੱਡਾ ਇਕੱਠ ਵੇਖਣ ਨੂੰ ਮਿਲਿਆ ਸੀ। ਇਸ ਦੌਰਾਨ ਲੋਕਾਂ ਨੂੰ ਮਾਸਕ ਤਾਂ ਵੰਡੇ ਗਏ, ਜੋ ਕੁਝ ਲੋਕਾਂ ਨੇ ਪਾਏ ਤੱਕ ਨਹੀੰ। ਇਸਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦੀਆਂ ਧਁਜੀਆਂ ਵੀ ਉਡਾਈਆਂ ਗਈਆਂ।