ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੀ ਖ਼ਤਰਨਾਕ ਰਫ਼ਤਾਰ ਨੂੰ ਵੇਖਦੇ ਹੋਏ ਸੁੂਬਾ ਸਰਕਾਰ ਨੇ ਹੁਣ ਪੂਰੇ ਪੰਜਾਬ ‘ਚ ਨਾਈਟ ਕਰਫ਼ਿਊ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਸਿਰਫ਼ 12 ਜ਼ਿਲ੍ਹਿਆਂ ‘ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਾਈਟ ਕਰਫ਼ਿਊ ਸੀ। ਮੁੱਖ ਮੰਤਰੀ ਵੱਲੋਂ DGP ਨੂੰ ਪੂਰੀ ਸਖਤੀ ਨਾਲ ਨਾਈਟ ਕਰਫ਼ਿਊ ਲਾਗੂ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜਾਂ ਨੂੰ ਛੱਡ ਸਾਰੇ ਸਿੱਖਿਅਕ ਅਦਾਰੇ ਵੀ 30 ਅਪ੍ਰੈਲ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਸਿਨੇਮਾ ਹਾਲ 50 ਫ਼ੀਸਦ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ‘ਚ CM ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਬੈਠਕ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ ਹਨ।
ਇਸ ਤੋਂ ਇਲਾਵਾ ਸੂਬੇ ਭਰ ‘ਚ ਸਮਾਜਿਕ, ਸੱਭਿਆਚਾਰਕ ਅਤੇ ਖੇਡ ਸਬੰਧੀ ਸਮਾਗਮਾਂ ‘ਤੇ ਪੂਰਨ ਪਾਬੰਦੀ ਰਹੇਗੀ, ਪਰ ਵਿਆਹ ਸਮਾਗਮਾਂ ਅਤੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਗਿਣਤੀ ਨਿਰਧਾਰਤ ਕੀਤੀ ਗਈ ਹੈ। ਹਾਲ ‘ਚ ਹੋਣ ਵਾਲੇ ਵਿਆਹ ਸਮਾਗਮਾਂ ਅਤੇ ਅੰਤਿਮ ਸਸਕਾਰ ‘ਚ 50 ਅਤੇ ਆਊਟਡੋਰ ਲਈ 100 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਮਾਲ ‘ਚ ਸ਼ੋਅਰੂਮਾਂ ਦੇ ਮਾਲਕਾਂ ਵੱਲੋਂ ਇਤਰਾਜ਼ ਦੇ ਬਾਅਦ ਮਾਲ ‘ਚ ਆਉਣ ਵਾਲੇ ਲੋਕਾਂ ਦੀ ਸਮਰੱਥਾ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹੁਣ ਪ੍ਰਤੀ ਸ਼ੋਅਰੂਮ 10 ਲੋਕਾਂ ਨੂੰ ਮਾਲ ਅੰਦਰ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ, ਜਦਕਿ ਪਹਿਲਾਂ ਇੱਕ ਸਮੇਂ ‘ਤੇ ਮਾਲ ਅੰਦਰ ਸਿਰਫ਼ 100 ਲੋਕ ਹੀ ਸ਼ਾਮਲ ਹੋ ਸਕਦੇ ਸਨ।
ਓਧਰ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਆਨਲਾਈਨ ਹੀ ਕੀਤਾ ਜਾਵੇਗਾ। ਸਿਰਫ਼ ਜ਼ਰੂਰੀ ਕੰਮਾਂ ਜਿਵੇਂ ਰਜਿਸਟਰੀ ਆਦਿ ਲਈ ਲੋਕ ਸਰਕਾਰੀ ਦਫ਼ਤਰਾਂ ‘ਚ ਜਾ ਸਕਣਗੇ। ਸਰਕਾਰੀ ਦਫ਼ਤਰਾਂ ‘ਚ ਹਰ ਕਰਮਚਾਰੀ ਲਈ ਮਾਸਕ ਪਾਉਣਾ ਵੀ ਲਾਜ਼ਮੀ ਹੋਵੇਗਾ।