ਚੰਡੀਗੜ੍ਹ। ਪੰਜਾਬ ਦੀ ਕੈਪਟਨ ਸਰਕਾਰ ਨੇ ਚੁਣਾਵੀ ਸਾਲ ‘ਚ ਸੂਬੇ ਦੀ ਜਨਤਾ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ। ਪੰਜਾਬ ਰਾਜ ਬਿਜਲੀ ਰੈਗੁਲੇਟਰੀ ਕਮਿਸ਼ਨ ਵੱਲੋਂ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ‘ਚ 50 ਪੈਸੇ ਤੋਂ ਲੈ ਕੇ ਇੱਕ ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਗਈ ਹੈ। ਇਹ ਨਵੀਆਂ ਬਿਜਲੀ ਦਰਾਂ 1 ਜੂਨ, 2021 ਤੋਂ 31 ਮਾਰਚ, 2022 ਤੱਕ ਲਾਗੂ ਰਹਿਣਗੀਆਂ।
ਹੁਕਮਾਂ ਮੁਤਾਬਕ, 2 ਕਿੱਲੋਵਾਟ ਤੱਕ ਭਾਰ ਵਾਲੇ ਘਰੇਲੂ ਖਪਤਕਾਰਾਂ ਲਈ ਪਹਿਲੇ 100 ਯੂਨਿਟ ਤੱਕ ਬਿਜਲੀ ਦਰਾਂ ‘ਚ ਇੱਕ ਰੁਪਏ ਅਤੇ 101 ਤੋਂ ਲੈ ਕੇ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਹੋਈ ਹੈ। ਇਸੇ ਤਰ੍ਹਾਂ 2 ਕਿੱਲੋਵਾਟ ਤੋਂ ਲੈ ਕੇ 7 ਕਿੱਲੋਵਾਟ ਭਾਰ ਵਾਲੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਤੱਕ 75 ਪੈਸੇ ਅਤੇ ਫਿਰ 101 ਤੋਂ ਲੈ ਕੇ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰਾਹਤ ਮਿਲੇਗੀ। ਕਮਿਸ਼ਨ ਮੁਤਾਬਕ ਇਸ ਫ਼ੈਸਲੇ ਨਾਲ ਖਪਤਕਾਰਾਂ ਨੂੰ 682 ਕਰੋੜ ਰੁਪਏ ਦਾ ਫ਼ਾਇਦਾ ਹੋਵੇਗਾ। ਛੋਟੇ ਅਤੇ ਦਰਮਿਆਨੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ‘ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਖੇਤੀਬਾੜੀ ਸੈਕਟਰ ਲਈ 9 ਪੈਸੇ ਦਾ ਇਜ਼ਾਫਾ
ਘਰੇਲੂ ਖਪਤਕਾਰਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਪੰਜਾਬ ਰਾਜ ਬਿਜਲੀ ਰੈਗੁਲੇਟਰੀ ਕਮਿਸ਼ਨ ਵੱਲੋਂ ਖੇਤੀਬਾੜੀ ਸੈਕਟਰ ਲਈ ਬਿਜਲੀ ਦਰਾਂ ‘ਚ 9 ਪੈਸੇ ਦਾ ਇਜ਼ਾਫਾ ਕੀਤਾ ਗਿਆ ਹੈ। ਅਜਿਹਾ ਹੋਣ ਨਾਲ ਇਸ ਖੇਤਰ ਲਈ ਕ੍ਰਾਸ ਸਬਸਿਡੀ 14.41 ਤੋਂ ਘੱਟ ਕੇ 12.05 ਫ਼ੀਸਦ ਰਹਿ ਜਾਵੇਗੀ। ਵੱਡੇ ਉਦਯੋਗਿਕ ਘਰਾਣਿਆਂ ਲਈ ਬਿਜਲੀ ਦਰਾਂ ‘ਚ ਵਾਧਾ 2 ਫ਼ੀਸਦ ਤੋਂ ਵੀ ਘੱਟ ਰੱਖਿਆ ਗਿਆ ਹੈ।
ਇੰਡਸਟਰੀ ਲਈ ਰਾਤ ਦਾ ਵਿਸ਼ੇਸ਼ ਟੈਰਿਫ ਜਾਰੀ
ਇਸ ਤੋਂ ਇਲਾਵਾ ਇੰਡਸਟਰੀ ਲਈ ਰਾਤ ਵੇਲੇ ਦਾ ਵਿਸ਼ੇਸ਼ ਟੈਰਿਫ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਅਤੇ ਇੰਡਸਟਰੀ ਦੀ ਮੰਗ ’ਤੇ ਰਾਤ ਵੇਲੇ ਦੇ ਵਿਸ਼ੇਸ਼ ਟੈਰਿਫ ਮੁਤਾਬਕ ਬਿਜਲੀ ਦੀ ਵਰਤੋਂ ਦਾ ਸਮਾਂ ਰਾਤ 10 ਵਜੇ ਤੋਂ 6 ਵਜੇ ਦੀ ਥਾਂ ਹੁਣ 4 ਘੰਟੇ ਵਧਾ ਕੇ ਸਵੇਰੇ 10.00 ਵਜੇ ਤੱਕ ਕਰ ਦਿੱਤਾ ਗਿਆ ਹੈ।