ਬਿਓਰੋ। ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਪਰ ਅਜਿਹੇ ‘ਚ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਪਾਰਟੀ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ। ਲਿਹਾਜ਼ਾ ਹੁਣ ਇਸ ਕਲੇਸ਼ ਨੂੰ ਸੁਲਝਾਉਣ ਲਈ ਹਾਈਕਮਾਨ ਨੇ ਮੋਰਚਾ ਸੰਭਾਲ ਲਿਆ ਹੈ। ਕਾਂਗਰਸ ਹਾਈਕਮਾਨ ਵੱਲੋਂ ਮਸਲੇ ਦੇ ਹੱਲ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਹਾਈਕਮਾਨ ਵੱਲੋਂ ਬਣਾਈ ਗਈ 3-ਮੈਂਬਰੀ ਕਮੇਟੀ ‘ਚ ਸੂਬਾ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਅਤੇ ਸੰਸਦ ਮੈਂਬਰ ਜੇ.ਪੀ. ਅੱਗਰਵਾਲ ਨੂੰ ਸ਼ਾਮਲ ਕੀਤਾ ਗਿਆ ਹੈ। ਚਰਚਾ ਹੈ ਕਿ ਇਸ ਕਮੇਟੀ ਵੱਲੋਂ ਨਰਾਜ਼ ਚੱਲ ਰਹੇ ਆਗੂਆਂ ਨਾਲ ‘ਵਨ ਟੂ ਵਨ’ ਮੀਟਿੰਗਾਂ ਕਰਕੇ ਉਹਨਾਂ ਦੀ ਗੱਲ ਸੁਣੀ ਜਾਵੇਗੀ।
ਕਾਬਿਲੇਗੌਰ ਹੈ ਕਿ ਪੰਜਾਬ ‘ਚ 2 ਮੰਤਰੀਆਂ ਅਤੇ ਕਈ ਕਾਂਗਰਸੀ ਵਿਧਾਇਕ ਸਰਕਾਰ ਦੇ ਕੰਮਕਾਜ ਤੋਂ ਨਾਖੁਸ਼ ਹਨ ਅਤੇ ਉਹਨਾਂ ਨੇ ਖੁੱਲ੍ਹੇਆਮ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇਹਨਾਂ ‘ਚ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਪ੍ਰਮੁੱਖ ਹਨ। ਇਹ ਆਗੂ ਕਈ ਮੁੱਦਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਤੋਂ ਨਰਾਜ਼ ਚੱਲ ਰਹੇ ਹਨ, ਜਿਹਨਾਂ ‘ਚ ਬੇਅਦਬੀ ਸਭ ਤੋਂ ਅਹਿਮ ਅਤੇ ਵੱਡਾ ਮੁੱਦਾ ਹੈ।