ਚੰਡੀਗੜ੍ਹ। ਕੋਰੋਨਾ ਦੇ ਵੱਧਦੇ ਖ਼ਤਰੇ ਵਿਚਾਲੇ ਇੱਕ ਨਵਾਂ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ‘ਤੇ ਮੰਥਨ ਲਈ ਸੱਦੀ ਗਈ ਉੱਚ ਪੱਧਰੀ ਬੈਠਕ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੀਐੱਮ ਸਾਹਮਣੇ ਇੱਕ ਬੇਹੱਦ ਗੰਭੀਰ ਮੁੱਦਾ ਚੁੱਕਿਆ। ਮੁੱਦਾ PGI ‘ਚ ਪੰਜਾਬੀਆਂ ਦੇ ਇਲਾਜ ਨਾਲ ਜੁੜਿਆ ਸੀ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਤੋਂ ਰੈਫ਼ਰ ਕੀਤੇ ਜਾਂਦੇ ਮਰੀਜ਼ਾਂ ਨੂੰ ਦਾਖਲ ਕਰਨ ਤੋਂ PGI ਇਨਕਾਰ ਕਰ ਰਿਹਾ ਹੈ। ਸੀਐੱਮ ਨੇ ਇਸ ਗੱਲ ਦਾ ਕਰੜਾ ਨੋਟਿਸ ਲੈਂਦੇ ਹੋਏ ਇਹ ਮੁੱਦਾ ਵੀਰਵਾਰ ਨੂੰ ਪੀਐੱਮ ਨਾਲ ਹੋਣ ਵਾਲੀ ਬੈਠਕ ‘ਚ ਚੁੱਕੇ ਜਾਣ ਦੀ ਗੱਲ ਆਖੀ। ਕੈਪਟਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ PGI ‘ਚ 50 ICU ਬੈੱਡ ਪੰਜਾਬੀਆਂ ਲਈ ਰਾਖਵੇਂ ਰੱਖਣ ਦੀ ਮੰਗ ਕਰਨਗੇ।
PGI ਨੇ ਖਾਰਜ ਕੀਤੇ ਇਲਜ਼ਾਮ
ਪੰਜਾਬ ਸਰਕਾਰ ਦੇ ਪੰਜਾਬੀਆਂ ਨੂੰ ਇਲਾਜ ਨਾ ਦੇਣ ਦੇ ਇਲਜ਼ਾਮਾਂ ਨੂੰ PGI ਪ੍ਰਸ਼ਾਸਨ ਨੇ ਖਾਰਜ ਕੀਤਾ ਹੈ। ਪ੍ਰੈੱਸ ਨੂੰ ਜਾਰੀ ਕੀਤੇ ਗਏ ਬਿਆਨ ‘ਚ PGI ਪ੍ਰਸ਼ਾਸਨ ਨੇ ਕਿਹਾ ਕਿ ਉੱਤਰ ਭਾਰਤ ਤੋਂ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਪੁਖਤਾ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। PGI ਨੇ ਪਿਛਲੇ ਇੱਕ ਸਾਲ ਦੌਰਾਨ ਪੰਜਾਬੀਆਂ ਦੇ ਇਲਾਜ ਸਬੰਧੀ ਅੰਕੜੇ ਵੀ ਜਾਰੀ ਕੀਤੇ।