ਚੰਡੀਗੜ੍ਹ, September 5, 2022
ਪੰਜਾਬ ਵਿਜੀਲੈੰਸ ਬਿਓਰੋ ਨੇ ਇੱਕ ਹੋਰ ਕਰੋੜਾੰ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਵਿਜੀਲੈੰਸ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਕਜਲਾ ਬਹੁਮੰਤਵੀ ਸਹਿਕਾਰੀ ਸਭਾ ਵਿੱਚ ਹੋਏ ਬਹੁ-ਕਰੋੜੀ ਘੋਟਾਲੇ ਦਾ ਖੁਲਾਸਾ ਕੀਤਾ ਹੈ। ਮਾਮਲੇ ਵਿੱਚ ਵਿਜੀਲੈੰਸ ਨੇ 7 ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਿਹਨਾੰ ਵਿਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
4 ਕਰੋੜ 24 ਲੱਖ ਰੁਪਏ ਦਾ ਗਬਨ
ਵਿਜੀਲੈਂਸ ਬਿਊਰੋ ਮੁਤਾਬਕ, ਜਾਂਚ ਦੌਰਾਨ ਕੋ-ਆਪ੍ਰੇਟਿਵ ਸੋਸਾਇਟੀ ਦੇ ਅਧਿਕਾਰੀ/ਕਰਮਚਾਰੀਆਂ ਵੱਲੋ ਮਿਲੀ ਭੁਗਤ ਕਰਕੇ 4,24,02,561 ਰੁਪਏ ਦਾ ਗਬਨ ਸਾਹਮਣੇ ਆਇਆ ਹੈ। ਇਸ ਸਬੰਧੀ ਵਿਜੀਲੈੰਸ ਨੇ ਸਕੱਤਰ ਪ੍ਰੇਮ ਸਿੰਘ, ਸਕੱਤਰ ਮੁਅੱਤਲੀ ਅਧੀਨ ਭੁਪਿੰਦਰ ਸਿੰਘ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ, ਹਰਵੇਲ ਸਿੰਘ ਮੀਤ ਪ੍ਰਧਾਨ, ਹਰਜੀਤ ਸਿੰਘ ਸਾਬਕਾ ਮੈਂਬਰ, ਬਲਕਾਰ ਸਿੰਘ ਸਾਬਕਾ ਮੈਂਬਰ (ਸਾਰੇ ਵਾਸੀ ਪਿੰਡ ਕਜਲਾ) ਅਤੇ ਰਾਮ ਪਾਲ ਸਾਬਕਾ ਮੈਂਬਰ ਵਾਸੀ ਪੱਦੀ ਮੱਟਵਾਲੀ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਸਾਰੇ ਮੁਲਜ਼ਮਾੰ ਖਿਲਾਫ਼ 408, 420, 465, 467, 468, 477-ਏ, 120-ਬੀ-ਆਈ.ਪੀ.ਸੀ. ਅਤੇ 13(1)ਏ, 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਦੋਸ਼ੀ ਪ੍ਰੇਮ ਸਿੰਘ, ਭੁਪਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਤਰ੍ਹਾੰ ਹੋਇਆ ਘੁਟਾਲੇ ਦਾ ਖੁਲਾਸਾ
ਕਜਲਾ ਬਹੁਮੰਤਵੀ ਕੋ-ਆਪ੍ਰੇਟਿਵ ਸੋਸਾਇਟੀ ਵਿੱਚ ਕਰੀਬ 1220 ਖਾਤਾ ਧਾਰਕ/ਮੈਂਬਰ ਹਨ, ਸਭਾ ਪਾਸ 02 ਟਰੈਕਟਰ ਵੱਡੀ ਮਾਤਰਾ ਵਾਹੀਯੋਗ ਜ਼ਮੀਨ ਨਾਲ ਸਬੰਧੀ ਖੇਤੀਬਾੜੀ ਦੇ ਸੰਦ ਹਨ। ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਖਾਦ ਅਤੇ ਕੀਟਨਾਸ਼ਕ ਦਵਾਈਆਂ ਆਦਿ ਵੀ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ। ਸੁਸਾਇਟੀ ਵਿੱਚ ਕੁੱਲ 2 ਕਰਮਚਾਰੀ ਵੱਖ-ਵੱਖ ਜਗਾ ਕੰਮ ਕਰ ਰਹੇ ਹਨ ਅਤੇ ਇਹਨਾਂ ਕਰਮਚਾਰੀਆਂ ਨੂੰ ਉਕਤ ਸਭਾ ਵੱਲੋਂ ਹੀ ਤਨਖਾਹ ਦਿੱਤੀ ਜਾਂਦੀ ਹੈ। ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ਵਿੱਚ ਕਰੋੜਾਂ ਰੁਪਇਆ ਦੀਆਂ ਐਫ.ਡੀ.ਆਰਜ਼ ਕਰਵਾਈਆਂ ਗਈਆਂ ਹਨ।
ਵਿਜੀਲੈਂਸ ਦੀ ਤਕਨੀਕੀ ਟੀਮ ਵੱਲੋਂ ਸੁਸਾਇਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ, ਅਤੇ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਿਕ ਸਾਲ 2012-13 ਤੋਂ ਲੈ ਕੇ ਸਾਲ 2017-18 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ਵਿੱਚ 4,24,02,561 ਰੁਪਏ ਦਾ ਗਬਨ ਪਾਇਆ ਗਿਆ।