ਬਿਓਰੋ। 4 ਮਹੀਨਿਆਂ ਅੰਦਰ ਉੱਤਰਾਖੰਡ ‘ਚ ਮੁੱਖ ਮੰਤਰੀ ਫਿਰ ਬਦਲ ਦਿੱਤਾ ਗਿਆ ਹੈ। ਤੀਰਥ ਸਿੰਘ ਰਾਵਤ ਦੇ ਅਸਤੀਫ਼ੇ ਤੋਂ ਬਾਅਦ ਹੁਣ ਪੁਸ਼ਕਰ ਸਿੰਘ ਧਾਮੀ ਦੇਵਭੂਮੀ ਦੀ ਕਮਾਨ ਸੰਭਾਲਣ ਨੂੰ ਤਿਆਰ ਹਨ। ਉਹ ਸੂਬੇ ਦੇ 11ਵੇਂ ਮੁੱਖ ਮੰਤਰੀ ਦੇ ਤੌਰ ‘ਤੇ ਐਤਵਾਰ ਨੂੰ ਸਹੁੰ ਚੁੱਕਣਗੇ। ਸ਼ਨੀਵਾਰ ਨੂੰ ਦੇਹਰਾਦੂਨ ‘ਚ ਬੀਜੇਪੀ ਵਿਧਾਇਕ ਦਲ ਦੀ ਬੈਠਕ ‘ਚ ਉਹਨਾਂ ਦੇ ਨਾੰਅ ‘ਤੇ ਮੁਹਰ ਲਗਾ ਦਿੱਤੀ ਗਈ।
ਤਜ਼ਰਬੇਕਾਰ ਵਿਧਾਇਕਾਂ ਦੀ ਥਾਂ ਨੌਜਵਾਨ ਚਿਹਰੇ ‘ਤੇ ਦਾਅ਼
ਉੱਤਰਾਖੰਡ ‘ਚ ਵੀ 2022 ‘ਚ ਪੰਜਾਬ ਦੇ ਨਾਲ ਹੀ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਸੀਐੱਮ ਨੂੰ ਬਦਲਿਆ ਜਾਣਾ ਬੇਹੱਦ ਅਹਿਮ ਹੈ। ਖਾਸ ਗੱਲ ਹੈ ਕਿ ਬੀਜੇਪੀ ਨੇ ਇਸ ਪਹਾੜੀ ਸੂਬੇ ‘ਚ ਤਮਾਮ ਤਜ਼ਰਬੇਕਾਰ ਵਿਧਾਇਕਾਂ ਨੂੰ ਦਰਕਿਨਾਰ ਕਰਦੇ ਹੋਏ ਨੌਜਵਾਨ ਚਿਹਰੇ ਨੂੰ ਤਵੱਜੋ ਦਿੱਤੀ ਹੈ।
ਨਵੇਂ ਸੀਐੱਮ ਦੇ ਐਲਾਨ ਤੋਂ ਬਾਅਦ ਪੁਸ਼ਕਰ ਸਿੰਘ ਧਾਮੀ ਨੇ ਕਿਹਾ, “ਪਾਰਟੀ ਨੇ ਇੱਕ ਆਮ ਵਰਕਰ, ਇੱਕ ਸਾਬਕਾ ਫੌਜੀ ਦੇ ਬੇਟੇ ਨੂੰ ਸੂਬੇ ਦੀ ਸੇਵਾ ਨੇ ਚੁਣਿਆ ਹੈ। ਅਸੀਂ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ। ਅਸੀਂ ਘੱਟ ਸਮੇਂ ‘ਚ ਲੋਕਾਂ ਦੀ ਸੇਵਾ ਕਰਨ ਦੀ ਚੁਣੌਤੀ ਸਵੀਕਾਰ ਕਰਦੇ ਹਾਂ।”
ਵਿਧਾਇਕ ਤੋਂ ਸਿੱਧੇ ਸੀਐੱਮ ਦੀ ਕੁਰਸੀ
ਜ਼ਿਕਰਯੋਗ ਹੈ ਕਿ ਉੱਤਰਾਖੰਡ ਦੇ ਨਵੇਂ ਸੀਐੱਮ ABVP ਅਤੇ ਯੁਵਾ ਮੋਰਚਾ ‘ਚ ਕੰਮ ਕਰ ਚੁੱਕੇ ਹਨ। 2012 ‘ਚ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਧਾਮੀ ਨੂੰ RSS ਦਾ ਕਰੀਬੀ ਮੰਨਿਆ ਜਾਂਦਾ ਹੈ। ਧਾਮੀ ਦੇ ਬਾਰੇ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਨਾੰਅ ਹੈ, ਜੋ ਹਮੇਸ਼ਾ ਵਿਵਾਦਾਂ ਤੋਂ ਦੂਰ ਰਿਹਾ ਹੈ। ਨੌਜਵਾਨਾਂ ਵਿਚਕਾਰ ਪੁਸ਼ਕਰ ਸਿੰਙ ਦੀ ਚੰਗੀ ਪਕੜ ਮੰਨੀ ਜਾਂਦੀ ਹੈ।
ਕਿਉਂ ਗਈ ਤੀਰਥ ਸਿੰਘ ਰਾਵਤ ਦੀ ਕੁਰਸੀ?
ਤ੍ਰਿਵੇਂਦਰ ਸਿੰਘ ਰਾਵਤ ਤੋਂ ਬਾਅਦ ਸਐੱਮ ਬਣਾਏ ਗਏ ਤੀਰਥ ਸਿੰਘ ਰਾਵਤ ਆਪਣੇ ਕੰਮਕਾਜ ਤੋਂ ਖਾਸ ਪ੍ਰਭਾਵਿਤ ਨਹੀਂ ਕਰ ਸਕੇ। ਉਲਟਾ ਆਪਣੇ ਬਿਆਨਾਂ ਨਾਲ ਵਿਵਾਦਾਂ ‘ਚ ਬਣੇ ਰਹੇ। ਫਟੀ ਜੀਨਸ ਤੋਂ ਲੈ ਕੇ 20-20 ਬੱਚਿਆਂ ਵਾਲੇ ਉਹਨਾਂ ਦੇ ਬਿਆਨ ਨੂੰ ਸ਼ਾਇਦ ਹੀ ਕੋਈ ਭੁੱਲਿਆ ਹੋਵੇ। ਹਰਿਦੁਆਰ ਕੁੰਭ ਦੇ ਪ੍ਰਬੰਧਨ ਨੂੰ ਲੈ ਕੇ ਵੀ ਉਹਨਾਂ ‘ਤੇ ਕਈ ਸਵਾਲ ਖੜ੍ਹੇ ਹੋਏ। ਤੀਰਥ ਸਿੰਘ ਰਾਵਤ ਮਹਿਜ਼ 111 ਦਿਨਾਂ ਲਈ ਸੀਐੱਮ ਰਹੇ, ਜੋ ਸੂਬੇ ਦੇ ਕਿਸੇ ਵੀ ਮੁੱਖ ਮੰਤਰੀ ਦਾ ਸਭ ਤੋਂ ਛੋਟਾ ਕਾਰਜਕਾਲ ਹੈ।
21 ਸਾਲਾਂ ‘ਚ 11 ਮੁੱਖ ਮੰਤਰੀ
21 ਸਾਲ ਪਹਿਲਾਂ ਬਣੇ ਇਸ ਪਹਾੜੀ ਸੂਬੇ ‘ਚ ਇੱਕ ਮੁੱਖ ਮੰਤਰੀ ਤੋਂ ਇਲਾਵਾ ਕੋਈ ਵੀ 5 ਸਾਲਾਂ ਤੱਕ ਕੁਰਸੀ ਨਹੀਂ ਸੰਭਾਲ ਸਕਿਆ। ਸੂਬੇ ਦੇ ਗਠਨ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ‘ਚ ਸਿਰਫਡ ਨਰਾਇਣ ਦੱਤ ਤਿਵਾਰੀ ਹੀ ਅਜਿਹੇ ਮੁੱਖ ਮੰਤਰੀ ਰਹੇ, ਜਿਹਨਾਂ ਨੇ 5 ਸਾਲਾਂ ਦਾ ਕਾਰਜਕਾਲ ਪੂਰਾ ਕੀਤਾ। ਤਿਵਾਰੀ ਯੂਪੀ ਦੇ ਵੀ ਮੁੱਖ ਮੰਤਰੀ ਰਹੇ ਸਨ। ਉਹਨਾਂ ਦੀ ਗਿਣਤੀ ਕਾਂਗਰਸ ਦੇ ਵੱਡੇ ਆਗੂਆਂ ‘ਚ ਹੁੰਦੀ ਸੀ।