ਚੰਡੀਗੜ੍ਹ। ਪੰਜਾਬ ਵਿੱਚ ਕਾਂਗਰਸ ਇਸ ਵਾਰ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਦੇ ਨਾਲ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ। ਐਤਵਾਰ ਨੂੰ ਲੁਧਿਆਣਾ ਪਹੁੰਚੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੰਨੀ ਨੂੰ ਸੀਐੱਮ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਚੰਨੀ ਦੀ ਤਾਂ ਤਾਰੀਫ਼ ਕੀਤੀ ਹੀ, ਪਰ ਨਾਲ ਹੀ ਸਿੱਧੂ ਦੀ ਤਾਰੀਫ਼ ਕਰਦੇ ਹੋਏ ਉਹਨਾਂ ਨਾਲ ਹੋਈ ਪਹਿਲੀ ਮੁਲਾਕਾਤ ਦਾ ਦਿਲਚਸਪ ਕਿੱਸਾ ਵੀ ਸੁਣਾਇਆ।
40 ਸਾਲ ਪਹਿਲਾਂ ਹੋਈ ਸੀ ਸਿੱਧੂ ਨਾਲ ਮੁਲਾਕਾਤ
ਰਾਹੁਲ ਗਾਂਧੀ ਨੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਸਿੱਧੂ ਜੀ ਨੂੰ ਕਦੋਂ ਮਿਲਿਆ? ਕੋਈ ਦੱਸ ਸਕਦਾ ਹੈ ਕਿ ਮੈਂ ਸਿੱਧੂ ਜੀ ਨੂੰ ਕਦੋਂ ਮਿਲਿਆ? ਖੁਦ ਸਿੱਧੂ ਜੀ ਨੂੰ ਵੀ ਨਹੀਂ ਪਤਾ ਮੈਂ ਉਹਨਾਂ ਨੂੰ ਕਦੋਂ ਮਿਲਿਆ? ਸਿੱਧੂ ਜੀ ਨਾਲ ਮੈਂ 40 ਸਾਲ ਪਹਿਲਾਂ ਮਿਲਿਆ ਸੀ।“ ਇਸ ਮੁਲਾਕਾਤ ਦਾ ਕਿੱਸਾ ਸੁਣਾਉਂਦੇ ਹੋਏ ਰਾਹੁਲ ਨੇ ਕਿਹਾ, “ਅੱਜ ਐਤਵਾਰ ਹੈ, ਉਸ ਦਿਨ ਵੀ ਐਤਵਾਰ ਸੀ। ਕ੍ਰਿਕਟ ਦਾ ਮੈਚ ਸੀ। ਮੈਂ ਦੂਨ ਸਕੂਲ ‘ਚ ਸੀ ਤੇ ਯਾਦਵਿੰਦਰ ਪਬਲਿਕ ਸਕੂਲ ਦੀ ਟੀਮ ਉਥੇ ਟ੍ਰਿਕਟ ਮੈਚ ਖੇਡਣ ਲਈ ਆਈ ਸੀ।”
ਉਹਨਾਂ ਕਿਹਾ, “ਦੂਨ ਸਕੂਲ ਦੀ ਪੂਰੀ ਟੀਮ ਦੇ ਸਾਹਮਣੇ ਨਵਜੋਤ ਸਿੱਧੂ ਓਪਨਿੰਗ ਗੇਂਦਬਾਜ਼ ਸਨ। ਕਿਸੇ ਨੇ ਕਿਹਾ ਇਹ ਨਵਜੋਤ ਸਿੰਘ ਸਿੱਧੂ ਹੈ, ਇਹ ਫਾਸਟ Bowler ਹੈ। ਸਿੱਧੂ ਨੇ 6 ਵਿਕਟਾਂ ਲੈ ਕੇ 130 ਦੌੜਾਂ ‘ਚ ਦੂਨ ਸਕੂਲ ਦੀ ਪੂਰੀ ਟੀਮ ਨੂੰ ਢੇਰ ਕਰ ਦਿੱਤਾ। ਹੁਣ ਬੈਟਿੰਗ ਦੀ ਵਾਰੀ ਆਈ। ਓਪਨਿੰਗ ਕਰਨ ਕੌਣ ਆਇਆ? ਨਵਜੋਤ ਸਿੱਧੂ। ਸਿੱਧੂ ਜੀ ਨੇ 98 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦੁਆ ਦਿੱਤੀ। ਮੈਂ ਉਸ ਦਿਨ ਨਵਜੋਤ ਸਿੰਘ ਸਿੱਧੂ ਨੂੰ ਪਛਾਣਿਆ। ਇਸ ਵਿਅਕਤੀ ਵਿੱਚ …. ਹੈ। ਇਹ ਵਿਅਕਤੀ ਪ੍ਰੈਕਟਿਸ ਕਰ ਸਕਦਾ ਹੈ। ਘੰਟੇ ਦੇ ਸਕਦਾ ਹੈ। ਕਈ ਸਾਲ ਦੇ ਸਕਦਾ ਹੈ। ਉਸ ਤੋਂ ਬਾਅਦ ਇਹ ਕ੍ਰਿਕਟਰ ਬਣੇ, ਕਮੈਂਟੇਟਰ ਬਣੇ, ਕਾਮੇਡੀਅਨ ਬਣੇ। ਉਸ ਤੋਂ ਬਾਅਦ ਰਾਜਨੇਤਾ ਬਣੇ।”