ਬਿਓਰੋ। ਰੋਹਤਕ ਦੀ ਸੁਨਾਰੀਆ ਜੇਲ੍ਹ ਦਾ ਕੈਦੀ ਨੰਬਰ 8647..ਡੇਰਾ ਸੱਚਾ ਸੌਦਾ ਦਾ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆ ਗਿਆ ਹੈ। ਕਰੜੀ ਸੁਰੱਖਿਆ ਹੇਠ ਗੱਡੀਆਂ ਦੇ ਕਾਫ਼ਲੇ ‘ਚ ਲੁਕੋ ਕੇ ਉਸ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ।
ਜਾਣਕਾਰੀ ਮੁਤਾਬਕ, ਫਰਲੋ ਲਈ ਰਾਮ ਰਹੀਮ ਸਾਹਮਣੇ ਸ਼ਰਤ ਰੱਖੀ ਗਈ ਹੈ ਕਿ ਉਹ ਪੂਰੇ 21 ਦਿਨ ਪੁਲਿਸ ਦੀ ਨਿਗਰਾਨੀ ਵਿੱਚ ਰਹੇਗਾ। ਉਸਦਾ ਵਧੇਰੇਤਰ ਸਮਾਂ ਡੇਰੇ ਵਿੱਚ ਹੀ ਬਤੀਤ ਹੋਣਾ ਚਾਹੀਦਾ ਹੈ।
ਪੰਜਾਬ ‘ਚ ਡੇਰਾ ਸੱਚਾ ਸੌਦਾ ਦਾ ਕਿੰਨਾ ਅਧਾਰ?
ਖਾਸ ਗੱਲ ਹੈ ਕਿ ਰਾਮ ਰਹੀਮ ਦੀ 21 ਦਿਨਾਂ ਦੇ ਫਰਲੋ ਦੌਰਾਨ ਹੀ ਪੰਜਾਬ ਵਿੱਚ ਵੋਟਿੰਗ ਹੋਣ ਜਾ ਰਹੀ ਹੈ। ਲਿਹਾਜਾ ਰਾਮ ਰਹੀਮ ਦਾ ਜੇਲ੍ਹ ਤੋਂ ਬਾਹਰ ਆਉਣਾ ਸਿੱਧੇ ਤੌਰ ‘ਤੇ ਪੰਜਾਬ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਦੇ 23 ਜਿਲ੍ਹਿਆਂ ਵਿੱਚ 300 ਵੱਡੇ ਡੇਰੇ ਹਨ, ਜਿਹਨਾਂ ਦਾ ਸਿੱਧਾ ਦਖਲ ਸੂਬੇ ਦੀ ਸਿਆਸਤ ਵਿੱਚ ਹੈ। ਇਹ ਡੇਰੇ ਪੰਜਾਬ ਦੇ ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਵਿੱਚ ਆਪਣਾ ਅਧਾਰ ਰਖਦੇ ਹਨ।
ਡੇਰਾ ਸੱਚਾ ਸੌਦਾ ਦੇ ਪੰਜਾਬ ‘ਚ ਡੇਰਿਆਂ ਦੀ ਗਿਣਤੀ ਕਰੀਬ 10 ਹਜਾਰ ਹੈ ਅਤੇ ਕਰੀਬ 40 ਲੱਖ ਵੋਟਬੈਂਕ ਡੇਰਾ ਪ੍ਰੇਮੀਆਂ ਦੇ ਅਧੀਨ ਆਉਂਦਾ ਹੈ।
ਮਾਲਵੇ ਦੀਆਂ 35-40 ਸੀਟਾਂ ‘ਤੇ ਸਿੱਧਾ ਅਸਰ
ਡੇਰਾ ਸੱਚਾ ਸੌਦਾ ਦਾ ਹੈੱਡਕੁਆਰਟਰ ਬੇਸ਼ੱਕ ਹਰਿਆਣਾ ਦੇ ਸਿਰਸਾ ਵਿੱਚ ਹੈ, ਪਰ ਪੰਜਾਬ ਦੇ ਮਾਲਵਾ ਖੇਤਰ ਦੀਆਂ 35-40 ਸੀਟਾਂ ‘ਤੇ ਇਸਦਾ ਸਿੱਧਾ ਅਸਰ ਹੈ। ਮਾਲਵਾ ਖੇਤਰ ਵਿੱਚ ਫਿਰੋਜ਼ਪੁਰ, ਮੋਗਾ, ਫਾਜਿਲਕਾ, ਅਬੋਹਰ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਫਤਿਹਗੜ੍ਹ ਸਾਹਿਬ ਜਿਲ੍ਹੇ ਆਉਂਦੇ ਹਨ। ਮੋਗਾ ‘ਚ ਹਾਲ ਹੀ ‘ਚ ਡੇਰਾ ਸੱਚਾ ਸੌਦਾ ਦੀ ਵਿਸ਼ਾਲ ਸਭ ਹੋਈ ਸੀ, ਜਿਸ ਨੂੰ ਡੇਰਾ ‘ਨਾਮ ਚਰਚਾ’ ਕਿਹਾ ਗਿਆ।
ਪੰਜਾਬ ਦੀਆਂ ਚੋਣਾਂ ‘ਚ ਡੇਰੇ ਦੀ ਅਹਿਮ ਭੂਮਿਕਾ
ਸਮੇਂ-ਸਮੇਂ ‘ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਡੇਰਿਆਂ ਦੀ ਸ਼ਰਨ ਵਿੱਚ ਜਾਂਦੀਆਂ ਰਹੀਆਂ ਹਨ। ਡੇਰਾ ਸੱਚਾ ਸੌਦਾ ਵੀ ਪੰਜਾਬ ਵਿੱਚ ਹੋਈਆਂ ਹਰ ਚੋਣਾਂ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਡੇਰੇ ਦੇ ਸਿਆਸੀ ਵਿੰਗ ਦੇ ਗਠਨ ਤੋਂ ਬਾਅਦ ਸਾਲ 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਦੀ ਵੱਡੀ ਭੂਮਿਕਾ ਰਹੀ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਡੇਰੇ ਦੀ ਵੋਟ ਆਪਣੇ ਪਾਸੇ ਕਰ ਲਈ, ਜਿਸਦਾ ਨਤੀਜਾ ਇਹ ਰਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਇੱਕ ਲੱਖ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ।