ਬਿਓਰੋ। ਪੰਜਾਬ ਪੁਲਿਸ ਦੀ ਵਰਦੀ ਇੱਕ ਵਾਰ ਫਿਰ ਦਾਗਦਾਰ ਹੋਈ ਹੈ। ਇਸ ਵਾਰ ਬਠਿੰਡਾ ਪੁਲਿਸ ‘ਚ ASI ਗੁਰਵਿੰਦਰ ਸਿੰਘ ਸਵਾਲਾਂ ਦੇ ਘੇਰੇ ‘ਚ ਹਨ। ਦਰਅਸਲ, CIA ਸਟਾਫ ‘ਚ ਤੈਨਾਤ ਗੁਰਵਿੰਦਰ ਸਿੰਘ ‘ਤੇ ਇੱਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦਾ ਗੰਭੀਰ ਇਲਜ਼ਾਮ ਲੱਗਿਆ ਹੈ। ਜਾਣਕਾਰੀ ਮੁਤਾਬਕ, ਮਹਿਲਾ ਦੇ ਨੌਜਵਾਨ ਮੁੰਡੇ ‘ਤੇ ਪਰਚਾ ਪਾਉਣ ਤੋਂ ਬਾਅਦ ਇਹ ASI ਬਲੈਕਮੇਲ ਕਰਕੇ ਮਹਿਲਾ ਨਾਲ ਲਗਾਤਾਰ ਬਲਾਤਕਾਰ ਕਰਦਾ ਰਿਹਾ, ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਓਧਰ ਇਸ ਪੂਰੇ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ASI ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ। ਮੁਲਜ਼ਮ ASI ‘ਤੇ ਰੇਪ ਦਾ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਠਿੰਡਾ ਪੁਲਿਸ ਦੇ ਏ ਐਸ ਆਈ ਗੁਰਵਿੰਦਰ ਸਿੰਘ, ਜੋ ਕਿ ਇੱਕ ਔਰਤ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਨੂੰ ਤੁਰੰਤ ਪ੍ਰਭਾਵ ਨਾਲ ਸਰਵਿਸ ਤੋਂ ਬਰਖਾਸਤ ਕਰ ਦਿੱਤਾ ਹੈ। ਬਲਾਤਕਾਰ ਦਾ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
— Punjab Police India (@PunjabPoliceInd) May 12, 2021
ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਪੂਰੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ। ਆਪਣੇ ਹੁਕਮਾਂ ਵਿੱਚ ਉਨਾਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਇਸ ਮਾਮਲੇ ਦੀ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ/ਕਰਵਾਈ ਕਰਵਾਉਂਦੇ ਹੋਏ ਕਮਿਸ਼ਨ ਨੂੰ 17 ਮਈ 2021 ਤੱਕ ਈ-ਮੇਲ ਰਾਹੀਂ ਸਟੇਟਸ ਰਿਪੋਰਟ ਭੇਜਣ ਲਈ ਕਿਹਾ ਹੈ ਤਾਂ ਜੋ ਇਸ ਕੇਸ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ।