ਮੋਹਾਲੀ। ਪੰਜਾਬ ਦਾ ਮੋਹਾਲੀ ਜ਼ਿਲ੍ਹਾ ਵੀ ਹੁਣ ਮੁੰਬਈ ਅਤੇ ਅਹਿਮਦਾਬਾਦ ਦੀ ਰਾਹ ਤੁਰ ਪਿਆ ਹੈ। ਇਥੇ ਹੁਣ ਤੁਸੀਂ ਆਪਣੀ ਗੱਡੀ ‘ਚ ਬੈਠੇ-ਬੈਠੇ ਕੋਰੋਨਾ ਵੈਕਸੀਨ ਲਗਵਾ ਸਕਦੇ ਹੋ। ਦਰਅਸਲ, ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰਾਈਵ ਥਰੂ ਵੈਕਸੀਨੇਸ਼ਨ ਦਾ ਆਗਾਜ਼ ਕੀਤਾ ਗਿਆ ਹੈ। ਸੈਕਟਰ-78 ‘ਚ ਸਿੰਘ ਸ਼ਹੀਦਾਂ ਗੁਰਦੁਆਰਾ ਨੇੜੇ ਜ਼ਿਲ੍ਹਾ ਸਪੋਰਟਸ ਕੰਪਲੈਕਸ ਅਤੇ ਮੁੱਲ੍ਹਾਂਪੁਰ, ਨਿਊ ਚੰਡੀਗੜ੍ਹ ਵਿਖੇ ਵੈਕਸੀਨ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਡਰਾਈਵ ਥਰੂ ਵੈਕਸੀਨੇਸ਼ਨ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਹਿਲੇ ਦਿਨ ਦੋਵੇਂ ਜਗ੍ਹਾ ਗੱਡੀਆਂ ਦਾ ਹਜ਼ੂਮ ਵੇਖਣ ਨੂੰ ਮਿਲਿਆ। ਜਿਲ੍ਹੇ ਦੇ 640 ਲੋਕਾਂ ਵੱਲੋਂ ਪਹਿਲੇ ਦਿਨ ਵੈਕਸੀਨ ਦੀ ਡੋਜ਼ ਲਈ ਗਈ।
ਇਸ ਮੁਹਿੰਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ, ਪਰ ਆਪਣਾ ਪਛਾਣ ਪੱਤਰ ਜ਼ਰੂਰ ਵਿਖਾਉਣਾ ਹੋਵੇਗਾ। ਪਹਿਲੇ ਦਿਨ ਵੈਕਸੀਨੇਸ਼ਨ ਲਗਵਾਉਣ ਵਾਲੇ ਲੋਕ ਵੀ ਇਸ ਪਹਿਲ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਏ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਜੰਮ ਕੇ ਸ਼ਲਾਘਾ ਕੀਤੀ।
— Girish Dayalan (@GirishDayalan) May 12, 2021
ਸੀਐੱਮ ਕੈਪਟਨ ਅਮਰਿੰਦਰ ਸਿੰਘ ਵੀ ਇਸ ਪਹਿਲ ਤੋਂ ਕਾਫ਼ੀ ਖੁਸ਼ ਨਜ਼ਰ ਆਏ। ਸੀਐੱਮ ਮੁਤਾਬਕ ਆਉਣ ਵਾਲੇ ਦਿਨਾਂ ਅੰਦਰ ਸੂਬੇ ਦੇ ਹੋਰਨਾਂ ਹਿੱਸਿਆਂ ‘ਚ ਇਸਦਾ ਆਗਾਜ਼ ਕੀਤਾ ਜਾਵੇਗਾ।
Happy that SAS Nagar Administration has set up a drive-through vaccination centre at the District Sports Complex near Gurudwara Sahib Singh Shaheedan in Sector 78 & at Mullanpur, New Chandigarh – 640 people got #Vaccinated on Day 1. Such spots will be activated across Punjab. pic.twitter.com/wAbml5m753
— Capt.Amarinder Singh (@capt_amarinder) May 12, 2021
ਜ਼ਿਲ੍ਹਾ ਪ੍ਰਸ਼ਾਸਨ ਡਰਾਈਵ ਥਰੂ ਵੈਕਸੀਨੇਸ਼ਨ ਚਲਾ ਕੇ ਵਾਹਵਾਹੀ ਖੱਟ ਰਿਹਾ ਹੈ ਤੇ ਮੁੱਖ ਮੰਤਰੀ ਹੋਰ ਜ਼ਿਲ੍ਹਿਆਂ ‘ਚ ਇਸ ਨੂੰ ਲਿਜਾਉਣ ਬਾਰੇ ਸੋਚ ਰਹੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਵੈਕਸੀਨ ਦੀ ਕਮੀ ਦੇ ਚਲਦੇ ਕੀ ਸਰਕਾਰ ਵੱਡੇ ਪੱਧਰ ‘ਤੇ ਅਜਿਹੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾ ਸਕੇਗੀ ਜਾਂ ਨਹੀਂ।