Home Election ਕੇਜਰੀਵਾਲ ਦੇ ਬਿਜਲੀ 'ਕਾਰਡ' 'ਤੇ ਵਿਰੋਧੀਆਂ ਦੇ ਹਮਲੇ ਤੇਜ਼...ਪੜ੍ਹੋ ਕਿਸਨੇ ਕੀ ਕਿਹਾ?

ਕੇਜਰੀਵਾਲ ਦੇ ਬਿਜਲੀ ‘ਕਾਰਡ’ ‘ਤੇ ਵਿਰੋਧੀਆਂ ਦੇ ਹਮਲੇ ਤੇਜ਼…ਪੜ੍ਹੋ ਕਿਸਨੇ ਕੀ ਕਿਹਾ?

ਬਿਓਰੋ। ਪੰਜਾਬ ‘ਚ ਮੁਫਤ ਬਿਜਲੀ ਦੇ ਅਰਵਿੰਦ ਕੇਜਰੀਵਾਲ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਪਾਰਾ High ਹੋ ਗਿਆ ਹੈ। ਵੋਟਰਾਂ ‘ਤੇ ਕੇਜਰੀਵਾਲ ਦੇ ਐਲਾਨ ਦਾ ਕੀ ਅਸਰ ਹੋਵੇਗਾ, ਇਹ ਤਾਂ ਚੋਣਾਂ ‘ਚ ਸਾਫ ਹੋਵੇਗਾ। ਪਰ ਫਿਲਹਾਲ ਵਿਰੋਧੀਆਂ ਨੇ ਕੇਜਰੀਵਾਲ ਖਿਲਾਫ਼ ਹਮਲਾ ਬੋਲ ਦਿੱਤਾ ਹੈ। ਸੂਬੇ ਦੀਆਂ ਤਮਾਮ ਸਿਆਸੀ ਪਾਰਟੀਆਂ ਕੇਜਰੀਵਾਲ ਦੇ ਐਲਾਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਦੱਸਣ ‘ਚ ਲੱਗੀਆਂ ਹਨ।

ਕੇਜਰੀਵਾਲ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਦਿੱਲੀ ਪਹੁੰਚ ਗਏ। ਵੇਰਕਾ ਨੇ ਦਿੱਲੀ ਦੇ ਲੋਕਾਂ ਨਾਲ ਮੀਡੀਆ ਸਾਹਮਣੇ ਆ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕੇਜਰੀਵਾਲ ਦਾ ਦਿੱਲੀ ਮਾਡਲ ਇੱਕ Fraud ਤੋਂ ਵੱਧ ਕੁਝ ਵੀ ਨਹੀਂ।

ਕੇਜਰੀਵਾਲ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਦੇ ਉਹ ਮੰਤਰੀ ਵੀ ਮੈਦਾਨ ‘ਚ ਉਤਰ ਆਏ, ਜੋ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਚੱਲ ਰਹੇ ਹਨ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਜਰੀਵਾਲ ‘ਤੇ ਇਹ ਇਲਜ਼ਾਮ ਲਗਾ ਦਿੱਤਾ ਕਿ ਉਹਨਾਂ ਨੇ ਪੰਜਾਬ ਸਰਕਾਰ ਦਾ ਆਈਡਿਆ ਚੋਰੀ ਕੀਤਾ ਹੈ। ਚੰਨੀ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਪਤਾ ਲੱਗ ਗਿਆ ਸੀ ਕਿ ਸੂਬਾ ਸਰਕਾਰ ਬਿਜਲੀ ਦੇ ਮਾਮਲੇ ‘ਚ ਸੂਬਾਵਾਸੀਆਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ, ਇਸ ਲਈ ਉਹਨਾਂ ਨੇ ਆਨਨ-ਫਾਨਨ ‘ਚ ਚੰਡੀਗੜ੍ਹ ਪਹੁੰਚ ਕੇ ਇਹ ਸਿਆਸੀ ਨੌਟੰਕੀ ਕਰ ਦਿੱਤੀ।

ਓਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪ੍ਰੈੱਸ ਕਾਨਫ਼ਰੰਸ ਕਰਕੇ ਕੇਜਰੀਵਾਲ ‘ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾਏ ਗਏ। ਪ੍ਰੈੱਸ ਕਾਨਫ਼ਰੰਸ ਕਰਨ ਪਹੁੰਚੇ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ‘ਆਪ’ ਸੱਤਾ ‘ਚ ਆਈ, ਤਾਂ ਗਰੀਬਾਂ ਨੂੰ ਮਿਲਣ ਵਾਲੀ 200 ਯੂਨਿਟ ਮੁਫਤ ਬਿਜਲੀ ਵੀ ਬੰਦ ਕਰ ਦਿੱਤੀ ਜਾਵੇਗੀ, ਜਿਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤਾ ਗਿਆ ਸੀ।

ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦਾਅਵਾ ਕਰਦੇ ਹਨ ਕਿ ਜਿਸ ਮਾਡਲ ਨੂੰ ਕੇਜਰੀਵਾਲ ਪੰਜਾਬ ‘ਚ ਲਿਆਉਣਾ ਚਾਹ ਰਹੇ ਹਨ, ਉਹ ਦਿੱਲੀ ‘ਚ ਪਹਿਲਾਂ ਹੀ ਫੇਲ੍ਹ ਹੋ ਚੁੱਕਿਆ ਹੈ। ਉਹਨਾਂ ਕਿਹਾ, “ਚੋਣਾਂ ਤੋਂ ਪਹਿਲਾਂ ਉਹ ਪੰਜਾਬੀਆਂ ਨੂੰ ਧੋਖਾ ਦੇਣ ਆਇਆ ਹੈ, ਪਰ ਇਸ ਵਾਰ ਪੰਜਾਬੀ ਗਿਰਗਿਟ ਦਾ ਸੁਭਾਅ ਜਾਣਦੇ ਹਨ ਅਤੇ ਬੇਵਕੂਫ ਨਹੀਂ ਬਣਨਗੇ।”

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਵੀ ਕੇਜਰੀਵਾਲ ਦੇ ਐਲਾਨ ਨੂੰ ਲੈ ਕੇ ਨਿਸ਼ਾਨਾ ਸਾਧਿਆ। ਉਹਨਾਂ ਟਵੀਟ ਕਰਕੇ ਕਿਹਾ, “ਪੰਜਾਬ ਲਈ ਕੇਜਰੀਵਾਲ ਦੀ ਇਸ ਸ਼ਾਨਦਾਰ ਯੋਜਨਾ ਦਾ ਮਤਲਬ ਹੈ ਉਹਨਾਂ ਲਈ ਪੂਰੇ ਪੈਸੇ, ਜੋ 300 ਯੂਨਿਟ ਤੋਂ ਇੱਕ ਯੂਨਿਟ ਵੀ ਵੱਧ ਇਸਤੇਮਾਲ ਕਰਦੇ ਹਨ। ਇਹ ਤਾਂ SC/BC/BPL ਪਰਿਵਾਰਾਂ ਨੂੰ ਮਿਲਣ ਵਾਲੀ 200 ਯੂਨਿਟ ਮੁਫਤ ਬਿਜਲੀ ਨੂੰ ਵੀ ਖਤਮ ਕਰ ਦੇਵੇਗਾ। ਕੋਈ ਬਿਹਤਰ ਨੌਟੰਕੀ AAP?”

ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਦੇ ਅਧਾਰ ‘ਤੇ ਹੀ ਕੇਜਰੀਵਾਲ ਉੱਪਰ ਹਮਲਾ ਬੋਲਿਆ ਹੈ। ਬੀਜੇਪੀ ਪੰਜਾਬ ਦੇ ਟਵਿਟਰ ਹੈਂਡਲ ਤੋਂ ਕੀਤੇ ਗਏ ਟਵੀਟ ‘ਚ ਲਿਖਿਆ ਗਿਆ, “ਦਿੱਲੀ ‘ਚ ਜੇਕਰ 200 ੂਨਿਟ ਤੋਂ 1 ਯੂਨਿਟ ਵੀ ਵੱਧ ਬਿਜਲੀ ਇਸਤੇਮਾਲ ਹੋ ਜਾਵੇ, ਤਾਂ ਪਿਛਲੇ 200 ਯੂਨਿਟ ਦਾ ਵੀ ਬਿੱਲ ਪਾਇਆ ਜਾਂਦਾ ਹੈ। ਇਸ ਤਰ੍ਹਾਂ ਕੇਜਰੀਵਾਲ ਫ੍ਰੀ ਬਿਜਲੀ ਦੇ ਨਾੰਅ ‘ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।”

ਇਹਨਾਂ ਸਾਰੇ ਸਿਆਸੀ ਹਮਲਿਆਂ ਨੂੰ ਆਮ ਆਦਮੀ ਪਾਰਟੀ ਬੌਖਲਾਹਟ ਦੱਸ ਰਹੀ ਹੈ। ਆਪ ਦਾ ਕਹਿਣਾ ਹੈ ਕਿ ਵਿਰੋਧੀ ਬੌਖਲਾਹਟ ‘ਚ ਝੂਠੇ ਇਲਜ਼ਾਮ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments