ਗੁਰਦਾਸਪੁਰ। ਜੰਮੂ ‘ਚ ਡਰੋਨ ਨਾਲ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਅਲਰਟ ‘ਤੇ ਹੈ। DGP ਦਿਨਕਰ ਗੁਪਤਾ ਨੇ ਲਗਾਤਾਰ ਦੂਜੇ ਦਿਨ ਹਾਈ ਵੈਲਵ ਮੀਟਿੰਗ ਕੀਤੀ। DGP ਨੇ ਗੁਰਦਾਸਪੁਰ ਵਿਖੇ BSF ਅਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
20 ਮਹੀਨਿਆ ‘ਚ 60 ਤੋਂ ਜ਼ਿਆਦਾ ਵਾਰ ਦਿਖੇ ਡਰੋਨ
DGP ਦਿਨਕਰ ਗੁਪਤਾ ਨੇ ਕਿਹਾ, “ਸਤੰਬਰ 2019 ਵਿਚ, ਇਹ ਪਹਿਲੀ ਵਾਰ ਸੀ ਕਿ ਹਥਿਆਰਾਂ ਦੀ ਤਸਕਰੀ ਲਈ ਅੰਮ੍ਰਿਤਸਰ ਵਿਚ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਡਰੋਨ ਨਾਲ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਕਸਰ ਕੀਤੀ ਜਾ ਰਹੀ ਸੀ ਅਤੇ ਹੁਣ ਜੰਮੂ ਵਿਚ ਡਰੋਨਾਂ ਦੀ ਵਰਤੋਂ ਨਾਲ ਅੱਤਵਾਦੀ ਹਮਲੇ ਨੇ ਸੁਰੱਖਿਆ ਸਬੰਧੀ ਹੋਰ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ।” ਉਹਨਾਂ ਕਿਹਾ ਕਿ BSF, ਪੰਜਾਬ ਪੁਲਿਸ ਅਤੇ ਸੂਬੇ ਦੇ ਲੋਕਾਂ ਵੱਲੋਂ ਪਿਛਲੇ 20 ਮਹੀਨਿਆਂ ਦੌਰਾਨ 60 ਤੋਂ ਵੱਧ ਡਰੋਨ ਉੱਡਦੇ ਵੇਖੇ ਗਏ ਹਨ।
ਟੀਮ ਬਣਾ ਕੇ ਕੰਮ ਕਰਨ ‘ਤੇ ਜ਼ੋਰ
BSF ਅਤੇ ਪੰਜਾਬ ਪੁਲਿਸ ਦਰਮਿਆਨ ਹੋਰ ਬਿਹਤਰ ਤਾਲਮੇਲ ਅਤੇ ਸਹਿਯੋਗ ਦੀ ਮੰਗ ਕਰਦਿਆਂ, DGP ਦਿਨਕਰ ਗੁਪਤਾ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਦੋਵੇਂ ਬਲਾਂ ਨੂੰ ਇਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਅਸਲ ਸਮੇਂ ਦੀ ਜਾਣਕਾਰੀ ਇਕੱਠੀ ਅਤੇ ਸਾਂਝੀ ਕਰਕੇ ਖੁਫੀਆ ਇੰਟੈਲੀਜੈਂਸ ਨੂੰ ਮੁੜ ਸਰਗਰਮ ਕਰਨਾ ਚਾਹੀਦਾ ਹੈ।
DGP Dinkar Gupta in #Gurdaspur heads a high-level meeting, suggests better sync between @BSF_India & #PunjabPolice to counter the increasing threat from drones. Suggested to work as one team & activate the gathering of good old human intelligence & sharing real time information. pic.twitter.com/aHKpRfxiXH
— Punjab Police India (@PunjabPoliceInd) June 29, 2021
ਉਨ੍ਹਾਂ BSF ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਸੈਕਟਰ-ਵਾਈਜ ਇਨਪੁਟਸ ਨੂੰ ਪੰਜਾਬ ਪੁਲਿਸ ਨਾਲ ਸਾਂਝਾ ਕਰਨ, ਤਾਂ ਜੋ ਉਹ ਇਹਨਾਂ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖ ਸਕਣ ਅਤੇ ਕਿਸੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।
‘ਸਰਹੱਦੀ ਪਿੰਡਾਂ ‘ਚ ਬਣਾਵਾਂਗੇ ਖੂਫੀਆ ਨੈੱਟਵਰਕ’
DGP ਨੇ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਦੇ SSPs ਨੂੰ ਹਦਾਇਤ ਕੀਤੀ ਕਿ ਸਰਹੱਦੀ ਪਿੰਡਾਂ ਦੀ ਸੂਚੀ ਬਣਾਈ ਜਾਵੇ ਅਤੇ ਹਰ ਪਿੰਡ ਵਿੱਚ ਪੁਲਿਸ, ਜਨਤਾ, ਜੀ.ਓ.ਜੀ., ਐਨ.ਜੀ.ਓਜ਼ ਆਦਿ ਦੇ ਸਹਿਯੋਗ ਨਾਲ ਇੱਕ ਮਜ਼ਬੂਤ ਖੁਫੀਆ ਨੈਟਵਰਕ ਵਿਕਸਤ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਿੰਡ ਵਿਚ ਹੋਣ ਵਾਲੀਆਂ ਕਿਸੇ ਵੀ ਅਪਰਾਧਿਕ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਸਕਣ।
ਰਾਤ ਸਮੇਂ ਨਾਕੇ ਵਧਾਉਣ ਦੇ ਆਦੇਸ਼
ਉਨ੍ਹਾਂ SSPs ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰਾਂ ਵਿੱਚ ਰਾਤ ਸਮੇਂ ਪੁਲਿਸ ਨਾਕਿਆਂ ਵਿੱਚ ਵਾਧਾ ਕਰਨ ਅਤੇ ਹਰ ਨਾਕੇ ‘ਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਜਿਸ ਨਾਲ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਉਹਨਾਂ ਇਹ ਵੀ ਸਲਾਹ ਦਿੱਤੀ ਕਿ ਸਾਰੇ ਨਾਕਿਆਂ ਨੂੰ ਇਸ ਤਰੀਕੇ ਨਾਲ ਸਮਕਾਲੀ ਕੀਤਾ ਜਾਣਾ ਚਾਹੀਦਾ ਹੈ ਕਿ ਇਕੋ ਕਾਲ ‘ਤੇ ਉਹ ਸਾਰੇ ਤੁਰੰਤ ਚੇਤੰਨ ਹੋ ਜਾਣ।
ਮੀਟਿੰਗ ਵਿੱਚ ADGP ਇੰਟਰਨਲ ਸਕਿਓਰਿਟੀ ਆਰ.ਐਨ. ਢੋਕੇ, IG ਬਾਰਡਰ ਰੇਂਜ SPS ਪਰਮਾਰ ਅਤੇ DIG BSF ਪ੍ਰਭਾਕਰ ਜੋਸ਼ੀ ਸਮੇਤ BSF ਦੇ ਤਕਰੀਬਨ 8 ਕਮਾਂਡੈਂਟਸ ਵੀ ਸ਼ਾਮਲ ਸਨ।