ਨਿਊਜ਼ ਡੈਸਕ। ਪੰਜਾਬ ‘ਚ ਅਗਲੇ ਸਾਲ ਦੀ ਸ਼ੁਰੂਆਤ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਸਨ। ਅਕਾਲੀ ਦਲ ਇਹਨਾਂ ਚੋਣਾਂ ‘ਚ ਸੱਤਾ ਵਾਪਸੀ ਦਾ ਸੁਫਨਾ ਵੇਖ ਰਿਹਾ ਹੈ। ਪਰ BJP ਦਾ ਸਾਥ ਛੱਡਣ ਤੋਂ ਬਾਅਦ ਅਕਾਲੀ ਦਲ ਇਕੱਲਿਆਂ ਚੋਣਾਂ ਲੜਨ ਦੇ ਮੂਡ ‘ਚ ਨਹੀਂ ਸੀ। ਲਿਹਾਜ਼ਾ ਵੋਟ ਬੈਂਕ ਮਜਬੂਤ ਕਰਨ ਲਈ ਅਕਾਲੀ ਦਲ ਨੂੰ ਨਵੇਂ ਸਾਥੀ ਦੀ ਤਲਾਸ਼ ਸੀ। ਅਕਾਲੀ ਦਲ ਦਾ ਨਵਾਂ ਸਾਥੀ ਉਸ ਨੂੰ “ਹਾਥੀ” ਦੇ ਰੂਪ ‘ਚ ਮਿਲਿਆ ਹੈ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਹੈ। ਇਹ ਗਠਜੋੜ ਨਾ ਸਿਰਫ ਅਕਾਲੀ ਦਲ, ਬਲਕਿ BSP ਲਈ ਵੀ ਬੇਹੱਦ ਜ਼ਰੂਰੀ ਸੀ।
ਅਕਾਲੀ ਦਲ ਦੀ ਡੁੱਬਦੀ ਨਈਆ ਲੱਗੇਗੀ ਪਾਰ ?
ਸਿਆਸੀ ਮਾਹਰਾਂ ਦੀ ਮੰਨੀਏ, 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਲਈ ਇਹ ਗਠਜੋੜ ਬੇਹੱਦ ਜ਼ਰੂਰੀ ਸੀ। ਕਿਉਂਕਿ 2017 ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਆਪਣੇ ਹੋਂਦ ਦੀ ਲੜਾਈ ਲੜ ਰਿਹਾ ਹੈ। ਇੱਕ ਵੱਡਾ ਕਾਰਨ ਇਹ ਵੀ ਰਿਹਾ ਕਿ 2017 ਦੀਆਂ ਚੋਣਾਂ ਅਜਿਹੇ ਸਮੇਂ ਹੋਈਆਂ, ਜਦੋਂ ਅਕਾਲੀ ਦਲ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ। ਸ਼ਾਇਦ ਇਹੀ ਕਾਰਨ ਸੀ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ‘ਚ ਇੱਕ ਤੀਜਾ ਬਦਲ ਨਜ਼ਰ ਆਇਆ।
ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਸਮਾਂ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਸ ਵੇਲੇ ਅਕਾਲੀ ਦਲ ਬੀਜੇਪੀ ਨਾਲ ਗਠਜੋੜ ‘ਚ ਸੀ ਅਤੇ ਸ਼ੁਰੂਆਤ ‘ਚ ਪਾਰਟੀ ਖੇਤੀ ਕਾਨੂੰਨਾਂ ਦਾ ਸਮਰਥਨ ਵੀ ਕਰ ਰਹੀ ਸੀ। ਹਾਲਾਂਕਿ ਕਿਸਾਨਾਂ ਦੇ ਰੋਸ ਨੂੰ ਵੇਖਦੇ ਹੋਏ ਬਾਅਦ ‘ਚ ਅਕਾਲੀ ਦਲ ਨੇ ਯੂ-ਟਰਨ ਲਿਆ ਅਤੇ ਹਾਲਾਤ ਇੰਝ ਬਦਲੇ ਕਿ ਪਾਰਟੀ ਨੇ ਨਾ ਸਿਰਫ ਕੇਂਦਰੀ ਕੈਬਨਿਟ ਤੋਂ ਅਸਤੀਫਾ ਦਿੱਤਾ, ਬਲਕਿ ਬੀਜੇਪੀ ਨਾਲ ਗਠਜੋੜ ਵੀ ਤੋੜ ਦਿੱਤਾ।
ਹਿੰਦੂ ਵੋਟ ਬੈਂਕ ਥੁੜ੍ਹਿਆ, ਦਲਿਤ ਕਰਨਗੇ ਕਮਾਲ ?
ਪੰਜਾਬ ‘ਚ ਅਕਾਲੀ ਦਲ ਅਤੇ BJP ਦਾ ਗਠਜੋੜ ਬਿਲਕੁੱਲ ਸਹੀ ਹਿੰਦੂ-ਸਿੱਖ ਗਠਜੋੜ ਮੰਨਿਆ ਜਾਂਦਾ ਸੀ। ਸ਼ਾਇਦ ਇਹੀ ਕਾਰਨ ਹੈ ਕਿ ਦੋਵੇਂ ਪਾਰਟੀਆਂ ਵੱਲੋਂ ਗਠਜੋੜ ‘ਚ ਲੜੀਆਂ ਗਈਆਂ 5 ਚੋਣਾਂ ‘ਚੋਂ 3 ਵਿੱਚ ਗਠਜੋੜ ਨੇ ਜਿੱਤ ਦਰਜ ਕੀਤੀ। ਪਰ ਬੀਜੇਪੀ ਦਾ ਸਾਥ ਛੱਡਣ ਤੋਂ ਬਾਅਦ ਅਕਾਲੀ ਦਲ ਨੂੰ ਹਿੰਦੂ ਵੋਟਬੈਂਕ ਦੀ ਕਮੀ ਮਹਿਸੂਸ ਹੋਣ ਲੱਗੀ। ਲਿਹਾਜ਼ਾ ਅਕਾਲੀ ਦਲ ਨੂੰ ਜੱਟ ਸਿੱਖ ਅਤੇ ਦਲਿਤਾਂ ਦੇ ਗਠਜੋੜ ਦੀ ਜ਼ਰੂਰਤ ਮਹਿਸੂਸ ਹੋਈ।
2011 ਦੀ ਜਨਸੰਖਿਆ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ‘ਚ ਜੱਟ ਸਿੱਖਾਂ ਦੀ ਤਦਾਤ 25 ਫ਼ੀਸਦ ਹੈ, ਜਦਕਿ ਸੂਬੇ ‘ਚ ਸਭ ਤੋਂ ਵੱਧ 32 ਫ਼ੀਸਦ ਦੀ ਅਬਾਦੀ ਦਲਿਤਾਂ ਦੀ ਹੈ। ਇਹਨਾਂ ‘ਚੋਂ 60 ਫ਼ੀਸਦ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਜਦਕਿ ਬਾਕੀ ਹਿੰਦੂ ਹਨ। ਮਾਹਿਰਾਂ ਮੁਤਾਬਕ ਇਹਨਾਂ ਅੰਕੜਿਆਂ ਦੇ ਅਧਾਰ ‘ਤੇ SAD-BSP ਗਠਜੋੜ ‘ਚ ਸੂਬੇ ਦੇ 57 ਫ਼ੀਸਦ ਵੋਟ ਬੈਂਕ ਨੂੰ ਹਾਸਲ ਕਰਨ ਦੀ ਸਮਰੱਥਾ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇ 2017 ‘ਚ 38.5 ਫ਼ੀਸਦ ਵੋਟ ਸ਼ੇਅਰ ਹਾਸਲ ਕਰਕੇ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਈ ਸੀ।
ਸਿਆਸਤ ਦੇ ਜਾਣਕਾਰ ਦੋਵੇਂ ਪਾਰਟੀਆਂ ਦੇ ਗਠਜੋੜ ਨੂੰ ਨੈਚੁਰਲ ਗਠਜੋੜ ਵੀ ਦੱਸਦੇ ਹਨ, ਕਿਉਂਕਿ ਪੰਜਾਬ ਦੀ ਖੇਤੀ ਆਰਥਿਕਤਾ ‘ਚ ਜੱਟ ਸਿੱਖ ਅਤੇ ਦਲਿਤ ਇੱਕ-ਦੂਜੇ ‘ਤੇ ਨਿਰਭਰ ਹਨ। ਜੱਟਾਂ ਅਤੇ ਦਲਿਤਾਂ ‘ਚ ਕਲਾਸ ਅਤੇ ਕਾਸਟ ਦਾ ਟਕਰਾਅ ਜ਼ਰੂਰ ਹੋ ਸਕਦਾ ਹੈ, ਪਰ ਇਹ ਗਠਜੋੜ ਇਸ ਟਕਰਾਅ ਨੂੰ ਦੂਰ ਕਰਨ ਅਤੇ ਦੋਵੇਂ ਭਾਈਚਾਰਿਆਂ ਨੂੰ ਮਜਬੂਤੀ ਦੇਣ ‘ਚ ਸਹਾਈ ਹੋ ਸਕਦਾ ਹੈ।
ਹਰ 5 ਸਾਲ ਬਾਅਦ BSP ਦਾ ਡਿੱਗਿਆ ਵੋਟ ਸ਼ੇਅਰ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ BSP ਦਾ ਵੋਟ ਸ਼ੇਅਰ ਲਗਾਤਾਰ ਡਿੱਗਦਾ ਰਿਹਾ ਹੈ। ਸਾਲ 1992 ‘ਚ ਪਾਰਟੀ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਪਰਫਾਰਮੈਂਸ ਰਹੀ ਹੈ, ਜਿਸ ਦੌਰਾਨ 16.3 ਫ਼ੀਸਦ ਦੇ ਵੋਟ ਸ਼ੇਅਰ ਦੀ ਮਦਦ ਨਾਲ BSP ਨੇ 9 ਹਲਕੇ ਆਪਣੇ ਨਾੰਅ ਕੀਤੇ ਸਨ। 5 ਸਾਲਾਂ ਬਾਅਦ, 1997 ‘ਚ ਇਸਦਾ ਵੋਟ ਸ਼ੇਅਰ ਡਿੱਗ ਕੇ 7.5 ‘ਤੇ ਪਹੁੰਚ ਗਿਆ ਅਤੇ BSP ਸਿਰਫ਼ ਇੱਕ ਹੀ ਸੀਟ ਆਪਣੇ ਨਾੰਅ ਕਰ ਸਕੀ।
ਉਦੋਂ ਤੋਂ ਲੈ ਕੇ ਹੁਣ ਤੱਕ BSP ਇੱਕ ਵੀ ਸੀਟ ਆਪਣੀ ਝੋਲੀ ਨਹੀਂ ਪਾ ਸਕੀ। ਸਾਲ 2017 ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੇ BSP ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਅਤੇ BSP ਦਾ ਵੋਟ ਸ਼ੇਅਰ ਸਿੱਧੇ 1.5 ਫ਼ੀਸਦ ‘ਤੇ ਪਹੁੰਚ ਗਿਆ। ਹਾਲਾਂਕਿ, 2019 ਦੀਆਂ ਲੋਕ ਸਭਾ ਚੋਣਾਂ ‘ਚ BSP ਦੇ 3 ਉਮੀਦਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਪਿੱਛੇ ਛੱਡ ਤੀਜਾ ਸਥਾਨ ਹਾਸਲ ਕੀਤਾ।
ਅਕਾਲੀਆਂ ਦੇ ਸਹਾਰੇ BSP ਦੇ ਸਿਤਾਰੇ
ਹੁਣ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ BSP ਨੁੂੰ ਮੁੜ ਆਪਣੇ ਵਿਧਾਇਕ ਅਸੈਂਬਲੀ ਭੇਜਣ ਦੀ ਆਸ ਬੱਝੀ ਹੈ। ਸੁਖਬੀਰ ਬਾਦਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਗਠਜੋੜ ਦੇ ਸੱਤਾ ‘ਚ ਆਉਣ ‘ਤੇ ਡਿਪਟੀ ਸੀਐੱਮ ਦਲਿਤ ਭਾਈਚਾਰੇ ਤੋਂ ਹੋਵੇਗਾ। ਸਿਆਸੀ ਜਾਣਕਾਰ ਕਹਿੰਦੇ ਹਨ ਕਿ ਸੁਖਬੀਰ ਦਾ ਇਸ਼ਾਰਾ ਸਿੱਧੇ BSP ਵੱਲ ਹੈ ਯਾਨੀ ਜੇਕਰ 2022 ‘ਚ ਪੰਜਾਬ ‘ਚ SAD-BSP ਗਠਜੋੜ ਦੀ ਸਰਕਾਰ ਬਣਦੀ ਹੈ, ਤਾਂ ਡਿਪਟੀ ਸੀਐੱਮ ਬਹੁਜਨ ਸਮਾਜ ਪਾਰਟੀ ਤੋਂ ਹੋਵੇਗਾ।
ਕਾਂਗਰਸ ਦਾ ਕਲੇਸ਼ ਵੀ ਦੇਵੇਗਾ ਮਦਦ !
ਦੋਵੇਂ ਪਾਰਟੀਆਂ ਇੱਕ-ਦੂਜੇ ਦਾ ਸਹਾਰਾ ਬਣਨ ਨੂੰ ਤਾਂ ਤਿਆਰ ਹਨ, ਪਰ ਸੂਬੇ ਦੀ ਸੱਤਾ ਧਿਰ ਕਾਂਗਰਸ ਦਾ ਅੰਦਰੂਨੀ ਰੱਫੜ ਵੀ ਇਸ ਗਠਜੋੜ ਲਈ ਲਾਭਕਾਰੀ ਹੋ ਸਕਦਾ ਹੈ। ਪਿਛਲੇ ਕਰੀਬ 2 ਮਹੀਨਿਆਂ ਤੋਂ ਕਾਂਗਰਸ ‘ਚ ਬਗਾਵਤ ਦੇ ਸੁਰ ਆਮ ਵੇਖੇ ਜਾ ਸਕਦੇ ਹਨ, ਜਿਸਦਾ ਸਿਆਸੀ ਲਾਹਾ ਲੈਣ ‘ਚ ਵਿਰੋਧੀ ਵੀ ਕਸਰ ਨਹੀਂ ਛੱਡ ਰਹੇ। ਮਾਹਿਰਾਂ ਦੀ ਮੰਨੀਏ, ਤਾਂ ਕਾਂਗਰਸ ਦਾ ਇਹ ਕਲੇਸ਼ ਵੋਟਾਂ ਕੱਟਣ ਦਾ ਕੰਮ ਕਰੇਗਾ, ਜਿਸਦਾ ਫ਼ਾਇਦਾ ਵਿਰੋਧੀ ਲੈ ਸਕਦੇ ਹਨ।
‘ਆਪ’ ਵੀ ਇਸ ਤਰ੍ਹਾਂ ਦੇ ਸਕਦੀ ਹੈ ਫ਼ਾਇਦਾ !
ਆਮ ਆਦਮੀ ਪਾਰਟੀ ਕੋਲ ਮਜਬੂਤ ਚਿਹਰੇ ਦੀ ਕਮੀ ਉਸਦੇ ਲਈ ਸਭ ਤੋਂ ਵੱਡਾ Drawback ਸਾਬਿਤ ਹੋ ਸਕਦਾ ਹੈ। ਹਾਲਾਂਕਿ ਲੋਕ ਭਗਵੰਤ ਮਾਨ ਨੂੰ ਪਾਰਟੀ ਦਾ ਚਿਹਰਾ ਮੰਨਦੇ ਹਨ, ਪਰ ਹਾਲੇ ਤੱਕ ਮੁੱਖ ਮੰਤਰੀ ਉਮੀਦਵਾਰ ਲਈ ਚਿਹਰਾ ਐਲਾਨ ਨਾ ਕੀਤੇ ਜਾਣ ਨੂੰ ਲੈ ਕੇ ਲੋਕਾਂ ‘ਚ ਰੋਸ ਵੀ ਹੈ। ਸਿਆਸੀ ਮਾਹਿਰਾਂ ਦੀ ਮੰਨੀਏ, ਤਾਂ 2017 ਵਿੱਚ CM ਚਿਹਰਾ ਨਾ ਐਲਾਨੇ ਜਾਣਾ ਹੀ ਪਾਰਟੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਿਹਾ। ਮਾਹਿਰ ਕਹਿੰਦੇ ਹਨ ਕਿ ਜੇਕਰ ‘ਆਪ’ ਨੇ ਕੋਈ ਲੀਡਰ ਅੱਗੇ ਕੀਤਾ ਹੁੰਦਾ, ਤਾਂ ਸ਼ਾਇਦ ਤਸਵੀਰ ਹੋਰ ਹੁੰਦੀ।
ਪਿਛਲੀ ਵਾਰ ਕਾਮਯਾਬ ਰਿਹਾ ਸੀ SAD-BSP ਗਠਜੋੜ
ਦਿਲਚਸਪ ਇਹ ਵੀ ਹੈ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਕੋਈ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਦੋਵੇਂ ਪਾਰਟੀਆਂ ਇਕੱਠੇ ਚੋਣ ਲੜ ਚੁੱਕੀਆਂ ਹਨ। ਸਾਲ 1996 ਦੀਆਂ ਲੋਕ ਸਭਾ ਚੋਣਾਂ ‘ਚ ਗਠਜੋੜ ਨੇ ਪੰਜਾਬ ਦੀਆਂ 13 ਸੀਟਾਂ ‘ਚੋਂ 11 ਆਪਣੇ ਨਾੰਅ ਕੀਤੀਆਂ ਸਨ। ਇਹ ਓਹੀ ਸਾਲ ਸੀ, ਜਦੋਂ BSP ਦੇ ਫਾਊਂਡਰ ਕਾਂਸ਼ੀ ਰਾਮ ਹੁਸ਼ਿਆਰਪੁਰ ਤੋਂ ਚੋਣ ਜਿੱਤ ਕੇ ਸੰਸਦ ਪਹੁੰਚੇ ਸਨ। ਇਸਦੇ ਨਾਲ ਹੀ BSP ਦੇ 2 ਹੋਰ ਸਾਂਸਦ ਚੁਣੇ ਗਏ ਸਨ। ਬਾਕੀ 8 ਸੀਟਾਂ ‘ਤੇ ਅਕਾਲੀ ਦਲ ਦੇ ਉਮੀਦਵਾਰ ਕਾਬਜ਼ ਹੋਏ ਸਨ। ਹਾਲਾਂਕਿ ਕਾਮਯਾਬ ਹੋਣ ਦੇ ਬਾਵਜੂਦ ਇਹ ਗਠਜੋੜ ਜ਼ਿਆਦਾ ਦੇਰ ਚੱਲ ਨਾ ਸਕਿਆ ਅਤੇ ਅਕਾਲੀ ਦਲ ਨੇ ਬੀਜੇਪੀ ਦਾ ਕਮਲ ਆਪਣੀ ਤੱਕੜੀ ‘ਚ ਵਿਰਾਜਮਾਨ ਕਰ ਲਿਆ।
ਉੱਤਰ ਪ੍ਰਦੇਸ਼ ‘ਚ ਵੀ ਮਿਲ ਸਕਦੀ ਹੈ ਮਦਦ !
ਕਾਬਿਲੇਗੌਰ ਹੈ ਕਿ ਪੰਜਾਬ ਦੇ ਨਾਲ-ਨਾਲ ਉੱਤਰ ਪ੍ਰਦੇਸ਼ ‘ਚ ਵੀ ਅਗਲੇ ਸਾਲ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਇਹ ਗਠਜੋੜ ਉੱਤਰ ਪ੍ਰਦੇਸ਼ ਦੇ ਸਿੱਖ ਵੋਟਰਾਂ ਨੂੰ ਲੁਭਾਉਣ ‘ਚ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਸੂਬੇ ਦੇ ਕਈ ਅਜਿਹੇ ਹਲਕੇ ਹਨ, ਜਿਥੇ ਸਿੱਖ ਵੋਟਰ ਹਲਕੇ ਦੀ ਤਸਵੀਰ ਤੈਅ ਕਰਨ ‘ਚ ਵੱਡਾ ਰੋਲ ਅਦਾ ਕਰਦੇ ਹਨ। ਲਿਹਾਜ਼ਾ ਵੇਖਣਾ ਹੋਵੇਗਾ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਆਪਣੀ ਹੋਂਦ ਦੀ ਲੜਾਈ ਲੜ ਕੇ ਮੁੜ ਸੱਤਾ ਹਾਸਲ ਕਰ ਸਕਣਗੇ ਜਾਂ ਫਿਰ ਨਹੀਂ।