ਚੰਡੀਗੜ੍ਹ। ਪੰਜਾਬ ਦੀ ਸਿਆਸਤ ‘ਚ ਨਵੇਂ ਗਠਜੋੜ ਦੇ ਐਲਾਨ ਤੋਂ ਤੁਰੰਤ ਬਾਅਦ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਸੂਬੇ ਦੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬਾਦਲ ਨੇ BSP ਸੁਪਰੀਮੋ ਮਾਇਆਵਤੀ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ‘ਚ ਚੋਣ ਲੜਨ ਦਾ ਸੱਦਾ ਦੇ ਦਿੱਤਾ। ਇਸਦੇ ਨਾਲ ਹੀ ਉਹਨਾਂ ਦੋਵੇਂ ਪਾਰਟੀਆਂ ਦੇ ਗਠਜੋੜ ਨੂੰ ਦੇਸ਼ ਲਈ ਇੱਕ ਤੋਹਫਾ ਕਰਾਰ ਦਿੱਤਾ।
‘ਸੈਕੂਲਰ ਤੇ ਫੈਡਰਲ ਕ੍ਰਾਂਤੀ ਦੀ ਸ਼ੁਰੂਆਤ’
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਗਠਜੋੜ ਦੇ ਨਾਲ ਹੀ ਸੂਬੇ ਅਤੇ ਦੇਸ਼ ‘ਚ ਸੈਕੂਲਰ ਅਤੇ ਫੈਡਰਲ ਕ੍ਰਾਂਤੀ ਦੀ ਸ਼ੁਰੂਆਤ ਹੋ ਗਈ ਹੈ, ਜੋ ਸਮਾਜਿਕ-ਆਰਥਿਕ ਤੇ ਸਿਆਸਤ ਵਿਚ ਤਬਦੀਲੀ ਲਿਆ ਦੇਵੇਗਾ। ਇਸ ਸਦਕਾ ਗਰੀਬਾਂ, ਦਬੇ ਕੁਚਲਿਆਂ ਤੇ ਘੱਟ ਗਿਣਤੀਆਂ ਲਈ ਨਿਆਂ ਤੇ ਬਰਾਬਰੀ ਦੀ ਸ਼ੁਰੂਆਤ ਹੋਵੇਗੀ ਤੇ ਵਿਕਾਸ ਨੂੰ ਹੁਲਾਰਾ ਮਿਲੇਗਾ।
ਉਹਨਾਂ ਕਿਹਾ ਕਿ ਪੰਜਾਬ ਵਿਚ ਤਰੱਕੀ, ਖੁਸ਼ਹਾਲੀ ਤੇ ਸਮਾਜ ਭਲਾਈ 2017 ਵਿੱਚ ਰੁਕ ਗਈ ਸੀ, ਜੋ ਹੁਣ ਸ਼ੁਰੂ ਹੋਵੇਗੀ ਅਤੇ ਰਫਤਾਰ ਫੜੇਗੀ। ਬਾਦਲ ਨੇ ਕਿਹਾ ਕਿ ਨਵੇਂ ਵਿਕਾਸ ਵਿੱਚ ਸਾਰੇ ਪੰਜਾਬੀਆਂ, ਖਾਸ ਤੌਰ ’ਤੇ ਦਬੇ ਕੁਚਲਿਆਂ ਤੇ ਕਿਸਾਨਾਂ, ਖੇਤ ਮਜ਼ਦੂਰਾਂ, ਦਲਿਤਾਂ, ਬੇਰੋਜ਼ਗਾਰ ਨੌਜਵਾਨਾਂ, ਛੋਟੇ ਤੇ ਦਰਮਿਆਨੇ ਵਪਾਰੀਆਂ, ਉਦਮੀਆਂ ਤੇ ਸਮਾਜ ਦੇ ਲੁੱਟੇ-ਪੁੱਟੇ ਗਏ ਵਰਗ ਦੀ ਭਲਾਈ ਸ਼ਾਮਲ ਹੋਵੇਗੀ।
‘ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਏ ਰੱਖਣਾ ਤਰਜੀਹ’
ਸਾਬਕਾ ਸੀਐੱਮ ਨੇ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣਾ ਗਠਜੋੜ ਲਈ ਸਰਵਉਚ ਤਰਜੀਹ ਹੋਵੇਗੀ। ਗਠਜੋੜ ਗੁਰੂ ਨਾਨਕ ਦੇਵ ਜੀ, ਗੁਰੂ ਰਵੀਦਾਸ ਜੀ ਤੇ ਭਗਵਾਨ ਵਾਲਮੀਕਿ ਅਤੇ ਹੋਰ ਸੰਤਾਂ ਮਹਾਂਪੁਰਖਾਂ ਦੀ ਸਾਂਝੀਵਾਲਤਾ ਵਾਲੀ ਸੋਚ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਨੁੰ ਅਪੀਲ ਕਰਦੇ ਹਨ ਕਿ ਉਹ ਨਿਰਸਵਾਰਥ ਹੋ ਕੇ ਸਖ਼ਤ ਮਿਹਨਤ ਕਰਨ, ਤਾਂ ਜੋ ਪੰਜਾਬ ਅਤੇ ਦੇਸ਼ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਜਾ ਸਕੇ, ਜਿਸ ਵਿਚ ਹਰ ਨਾਗਰਿਕ ਨੂੰ ਬੁਨਿਆਦੀ ਸਹੂਲਤਾਂ ਤੇ ਜੀਵਨ ਵਿਚ ਸੁੱਖ ਮਿਲੇ ਤੇ ਅਜਿਹੇ ਹਾਲਾਤ ਬਣਨ ਜਿਸ ਨਾਲ ਹਰ ਨਾਗਰਿਕ ਮਾਣ ਸਨਮਾਨ ਤੇ ਇੱਜ਼ਤ ਨਾਲ ਜੀਅ ਸਕੇ।