ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਅਕਤੂਬਰ 2021 ਦੇ ਅੰਤ ਤੱਕ ਤਿਆਰ ਕਰ ਲਵੇਗੀ। ਮੁਲਾਜ਼ਮ ਫਰੰਟ ਦੇ ਆਗੂਆਂ ਵੱਲੋਂ ਮੰਗ-ਪੱਤਰ ਦੇਣ ਮੌਕੇ ਹੋਈ ਮੁਲਾਜ਼ਮ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ।
‘ਵਾਅਦੇ ਉਹ ਕਰਾਂਗੇ, ਜੋ ਪੂਰੇ ਕਰ ਸਕੀਏ’
ਇਸ ਦੌਰਾਨ ਸੁਖਬੀਰ ਬਾਦਲ ਨੇ ਸੂਬੇ ਦੀ ਕੈਪਟਨ ਸਰਕਾਰ ‘ਤੇ ਹਮਲਾ ਬੋਲਦਿਆ ਕਿਹਾ, “ਸ਼੍ਰੋਮਣੀ ਅਕਾਲੀ ਦਲ ਸਿਰਫ ਓਹੀ ਵਾਅਦੇ ਕਰੇਗਾ, ਜੋ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੂਰੇ ਕਰ ਸਕਣ ਦੇ ਸਮਰੱਥ ਹੋਵੇ। ਅਕਾਲੀ ਦਲ ਕੀਤੀ ਜ਼ੁਬਾਨ ਪੂਰੀ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਜਿਵੇਂ ਕਿ ਬੀਤੇ ਸਮੇਂ ਦੌਰਾਨ ਇਸਦੀ ਅਗਵਾਈ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ। ਜਦਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਡੇ-ਵੱਡੇ ਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰਨ ਵਿਚ ਵਿਸ਼ਵਾਸ ਰੱਖਦੀ ਹੈ।
SAD will furnish #ElectionManifesto for 2022 polls before Nov 2021. SAD chief S. Sukhbir Singh Badal said manifesto will include only those demands of govt employees that the party assures to fulfill, unlike @INCPunjab that made tall claims to bag power but did nothing. pic.twitter.com/OEDzfSIn1e
— Shiromani Akali Dal (@Akali_Dal_) June 11, 2021
ਉਹਨਾਂ ਕਿਹਾ ਕਿ ਪਾਰਟੀ 2022 ਦੀਆਂ ਚੋਣਾਂ ਵਾਸਤੇ ਚੋਣ ਮਨੋਰਥ ਤਿਆਰ ਕਰ ਰਹੀ ਹੈ ਤੇ ਇਹ ਅਕਤੂਬਰ 2021 ਦੇ ਅੰਤ ਤੱਕ ਤਿਆਰ ਹੋ ਜਾਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਸਾਰੇ ਮੁਲਾਜ਼ਮ ਇਹ ਗੱਲ ਭਲੀ-ਭਾਂਤੀ ਜਾਣਦੇ ਹਨ ਕਿ ਬੀਤੇ ਸਮੇਂ ਵਿਚ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਸਿਰਫ ਅਕਾਲੀ ਸਰਕਾਰਾਂ ਨੇ ਹੀ ਲਾਗੂ ਕੀਤੀਆਂ ਹਨ ਤੇ ਹੁਣ ਜੋ ਹਾਲਾਤ ਬਣ ਰਹੇ ਹਨ, ਉਸ ਤੋਂ ਜਾਪ ਰਿਹਾ ਹੈ ਕਿ 2022 ਵਿੱਚ ਅਕਾਲੀ ਸਰਕਾਰ ਬਣਨ ’ਤੇ ਇਹ ਸਿਫਾਰਸ਼ਾਂ ਲਾਗੂ ਕਰਨੀਆਂ ਪੈਣਗੀਆਂ।
‘ਜੁਲਾਈ ਦੇ ਅੰਤ ਤੱਕ ਮੁਲਾਜ਼ਮ ਫਰੰਟ ਦੇ ਜ਼ਿਲ੍ਹਾ ਪੱਧਰੀ ਢਾਂਚੇ ਦਾ ਐਲਾਨ’
ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਮੁਲਾਜ਼ਮ ਫਰੰਟ ਦਾ ਜ਼ਿਲ੍ਹਾ ਪੱਧਰੀ ਢਾਂਚਾ ਜੁਲਾਈ 2021 ਦੇ ਅੰਤ ਤੱਕ ਐਲਾਨ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਲੋਕਾਂ ਖਾਸ ਤੌਰ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਤੇ ਪ੍ਰਵਾਨ ਕਰਨ ਵਿਚ ਨਾਕਾਮ ਰਹੀ ਤਾਂ ਫਿਰ ਅਕਾਲੀ ਦਲ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ। ਉਹਨਾਂ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮ ਪੱਖੀ ਸਰਕਾਰ ਦਾ ਸਾਥ ਦੇਣ ਅਤੇ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਮੁਲਜ਼ਮ ਭਲਾਈ ਬੋਰਡ ਵਿਚ ਮੁਲਾਜ਼ਮ ਆਗੂਆਂ ਨੁੰ ਢੁਕਵੀਂ ਪ੍ਰਤੀਧਿਤਾ ਦਿੱਤੀ ਜਾਵੇਗੀ।