ਅੰਮ੍ਰਿਤਸਰ। ਜੂਨ 1984 ‘ਚ ਭਾਰਤੀ ਫੌਜ ਵੱਲੋਂ ਅੰਜਾਮ ਦਿੱਤੇ ਗਏ ਆਪਰੇਸ਼ਨ ਬਲੂ ਸਟਾਰ ਨੂੰ 37 ਸਾਲ ਬੀਤ ਚੁੱਕੇ ਹਨ। 37 ਸਾਲ ਪਹਿਲਾਂ 6 ਜੂਨ ਦੇ ਹੀ ਦਿਨ ਜਰਨੈਲ ਿਸੰਘ ਭਿੰਡਰਾਂਵਾਲੇ ਨੂੰ ਫੜਨ ਲਈ ਭਾਰਤੀ ਫੌਜ ਨੇ ਦਰਬਾਰ ਸਾਹਿਬ ‘ਤੇ ਹਮਲਾ ਬੋਲਿਆ ਸੀ।
ਬਲੂ ਸਟਾਰ ਦੀ ਬਰਸੀ ਮੌਕੇ ਵੱਡੀ ਗਿਣਤੀ ਸੰਗਤ ਨੇ ਦਰਬਾਰ ਸਾਹਿਬ ‘ਚ ਹਾਜ਼ਰੀ ਭਰੀ। ਅਕਾਲ ਤਖਥ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ੇਸ਼ ਅਰਦਾਸ ਕੀਤੀ ਗਈ।
ਇਸੇ ਦੌਰਾਨ ਜਦੋ ਂਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦੇਣਾ ਸ਼ੁਰੂ ਕੀਤਾ, ਤਾਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਵਰਕਰਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉੰਣੇ ਸ਼ੁਰੂ ਕਰ ਦਿੱਤੇ।
ਨਾਅਰੇ ਲਗਾਉਣ ਵਾਲੇ ਦੇ ਹੱਥਾਂ ‘ਚ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਖਾਲਿਸਤਾਨ ਸਾਡਾ ਹੱਕ ਹੈ’ ਦੇ ਨਾਅਰੇ ਲੱਗੇ ਬੈਨਰ ਵੀ ਸਨ। ਇਸ ਤੋਂ ਇਲਾਵਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਵੀ ਵੇਖਣ ਨੂੰ ਮਿਲੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨ। ਮਾਨ ਨੇ ਵੀ ਆਪਣੇ ਸਮਰਥਕਾਂ ਦੇ ਨਾੰਅ ਸੰਦੇਸ਼ ਜਾਰੀ ਕੀਤਾ। ਹਾਲਾਂਕਿ ਇਸ ਦੌਰਾਨ SGPC ਵੱਲੋਂ ਗੁਰਬਾਣੀ ਦੀ ਅਵਾਜ਼ ਤੇਜ਼ ਕਰ ਦਿੱਤੀ ਗਈ ਸੀ।
ਲਾਲ ਕਿਲ੍ਹਾ ਹਿੰਸਾ ਦਾ ਮੁਲਜ਼ਮ ਦੀਪ ਸਿੱਧੂ ਵੀ ਗਰਮਖਿਆਲੀਆਂ ਨਾਲ ਨਜ਼ਰ ਆਇਆ। ਦੀਪ ਸਿੱਧੂ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਸੁਰਖੀਆਂ ‘ਚ ਆਇਆ। ਉਹ ਇਸ ਵੇਲੇ ਜ਼ਮਾਨਤ ‘ਤੇ ਬਾਹਰ ਹੈ।
ਇਸ ਸਭ ਦੇ ਵਿਚਾਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾੰਅ ਸੰਦੇਸ਼ ‘ਚ ਕਿਹਾ ਕਿ ਭਾਰਤੀ ਫੌਜ ਵੱਲੋਂ ਕੀਤਾ ਇਹ ਹਮਲਾ ਸਿੱਖ ਕੌਮ ਦੇ ਪਿੰਡੇ ‘ਤੇ ਨਾਸੂਰ ਵਰਗਾ ਹੈ, ਜੋ ਸਾਰਾ ਸਾਲ ਰਿਸਦਾ ਰਹਿੰਦਾ ਅਤੇ ਪੀੜ ਕਰਦਾ ਰਹਿੰਦਾ ਹੈ। ਪਰ ਅਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਇਸ ਭੀੜ ਨੂੰ ਘੱਟ ਕਰਦੇ ਹਾਂ।
ਜਥੇਦਾਰ ਨੇ ਕਿਹਾ ਹੈ ਕਿ ਜਿਵੇਂ ਭਾਰਤੀ ਫੌਜ ਨੇ ਚੀਨ ਅਤੇ ਪਾਕਿਸਤਾਨ ’ਤੇ ਹਮਲੇ ਕੀਤੇ, ਉਸੇ ਤਰੀਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਸਾਕੇ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਤੇ ਕਦੇ ਮੇਟਿਆ ਨਹੀਂ ਜਾ ਸਕਦਾ।
ਓਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਮੌਕੇ ਸ਼ਹੀਦ ਹੋਏ ਸਿੰਘ, ਸਿੰਘਣੀਆਂ ਅਤੇ ਬੱਚੇ ਸਿੱਖ ਕੌਮ ਦਾ ਸਰਮਾਇਆ ਹਨ, ਜਿੰਨ੍ਹਾਂ ਨੇ ਕੌਮੀ ਜਜ਼ਬੇ ਦੀ ਰੌਸ਼ਨੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਨੂੰ ਬਹਾਲ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਉਹਨਾਂ ਨੇ ਦਰਬਾਰ ਸਾਹਿਬ ਆਈ ਸੰਗਤ ਅਤੇ ਜਥੇਬੰਦੀਆਂ ਦੇ ਨੁਮਾਇਦਿਆਂ ਦਾ ਧੰਨਵਾਦ ਕੀਤਾ ਅਤੇ ਕੌਮ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਦੀ ਸੇਧ ਵਿਚ ਕੌਮੀ ਕਾਰਜਾਂ ਵਿਚ ਸਹਿਯੋਗੀ ਬਣਨ ਲਈ ਕਿਹਾ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੁੰ ਅਪੀਲ ਕੀਤੀ ਕਿ ਜੂਨ 1984 ਦੇ ਤੀਜੇ ਘੱਲੂਘਾਰੇ ਤੇ ਨਵੰਬਰ 84 ਦੇ ਸਿੱਖ ਕਤਲੇਆਮ ਲਈ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਸਮੇਤ ਗਾਂਧੀ ਪਰਿਵਾਰ, ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਹੋਰ ਦੋਖੀਆਂ ਨੂੰ ਸਿੱਖ ਕੌਮ ਦਾ ਦੁਸ਼ਮਣ ਕਰਾਰ ਦੇਣ ਦਾ ਹੁਕਮਨਾਮਾ ਜਾਰੀ ਕੀਤਾ ਜਾਵੇ।
ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਸ਼ਹਿਰ-ਸ਼ਹਿਰ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਸਨ। ਖਾਸਕਰ ਅੰਮ੍ਰਿਤਸਰ ‘ਚ ਸਖਤ ਸੁਰੱਖਿਆ ਪ੍ਰਬੰਧ ਵੇਖਣ ਨੂੰ ਮਿਲੇ।