ਰੋਹਤਕ। ਰੇਪ ਅਤੇ ਕਤਲ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਦਰਅਸਲ, ਰਾਮ ਰਹੀਮ ਨੂੰ ਮੈਡੀਕਲ ਜਾਂਚ ਲਈ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਕੋਰੋਨਾ ਟੈਸਟ ਕੀਤੇ ਜਾਣ ‘ਤੇ ਉਹ ਪਾਜ਼ੀਟਿਵ ਹੈ। ਐਤਵਾਰ ਨੂੰ ਸਵੇਰੇ ਕਰੀਬ 10 ਵਜੇ ਪੁਲਿਸ ਰਾਮ ਰਹੀਮ ਨੂੰ ਲੈ ਕੇ ਗੁਰੂਗ੍ਰਾਮ ਪਹੁੰਚੀ ਸੀ। ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਸਨੂੰ ਕੋਵਿਡ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।
ਜੇਲ੍ਹ ਅਧਿਕਾਰੀਆਂ ਮੁਤਾਬਕ, ਰਾਮ ਰਹੀਮ ਦੀ ਲਗਾਤਾਰ ਤਬੀਅਤ ਵਿਗੜਨ ਦੇ ਚਲਦੇ ਪਿਛਲੇ ਦਿਨੀਂ ਰੋਹਤਕ PGI ‘ਚ ਉਸਦੇ ਕੁਝ ਟੈਸਟ ਕਰਵਾਏ ਗਏ ਸਨ। ਉਸ ਵੇਲੇ CT ਸਕੈਨ, ਐਂਜੀਓਗ੍ਰਾਫੀ ਅਤੇ ਫਾਈਬਰੋ ਸਕੈਨ ਵਰਗੇ ਟੈਸਟ ਹੋਏ ਸਨ। ਉਸਦੇ ਕੁਝ ਹੋਰ ਟੈਸਟ ਹੋਣੇ ਸਨ, ਜਿਹਨਾਂ ਦੀ ਸੁਵਿਧਾ PGI ‘ਚ ਉਪਲਬਧ ਨਹੀਂ ਸੀ। ਡਾਕਟਰਾਂ ਨੇ ਪੈਨਲ ਨੇ AIIMS ‘ਚ ਜਾਂਚ ਕਰਵਾਉਣ ਦੀ ਸਲਾਹ ਦਿੱਤੀ, ਪਰ ਕੋਰੋਨਾ ਦੇ ਚਲਦੇ ਉਥੇ ਟੈਸਟ ਨਹੀਂ ਹੋ ਰਹੇ ਹਨ। ਅਜਿਹੇ ‘ਚ ਰਾਮ ਰਹੀਮ ਨੂੰ ਮੈਡੀਕਲ ਟੈਸਟ ਲਈ ਮੇਦਾਂਤਾ ਹਸਪਤਾਲ ਲਿਆਂਦਾ ਗਿਆ।
ਇੱਕ ਮਹੀਨੇ ‘ਚ ਚੌਥੀ ਵਾਰ ਜੇਲ੍ਹ ਤੋਂ ਬਾਹਰ ਆਇਆ
ਦੱਸਣਯੋਗ ਹੈ ਕਿ ਪਿਛਲੇ ਇੱਕ ਮਹੀਨੇ ‘ਚ ਇਹ ਚੌਥਾ ਮੌਕਾ ਹੈ, ਜਦੋਂ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੋਵੇ। ਬੀਤੀ 12 ਮਈ ਨੂੰ ਜੇਲ੍ਹ ‘ਚ ਰਾਮ ਰਹੀਮ ਦੀ ਤਬੀਅਤ ਅਚਾਨਕ ਵਿਗੜਨ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਰੋਹਤਕ PGI ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 21 ਮਈ ਨੂੰ ਰਾਮ ਰਹੀਮ ਨੂੰ ਆਪਣੀ ਬਿਮਾਰ ਮਾਂ ਨਾਲ ਮੁਲਾਕਾਤ ਲਈ ਸਵੇਰ ਤੋਂ ਸ਼ਾਮ ਤੱਕ ਦੀ ਪੈਰੋਲ ਦਿੱਤੀ ਗਈ ਸੀ। ਇਸ ਤੋਂ ਇਲਾਵਾ 3 ਜੂਨ ਨੂੰ ਰਾਮ ਰਹੀਮ ਨੂੰ ਕੁਝ ਟੈਸਟਾਂ ਲਈ ਰੋਹਤਕ PGI ਲਿਆਂਦਾ ਗਿਆ ਸੀ।