ਬਿਓਰੋ। ਕੇਂਦਰ ਸਰਕਾਰ ਦੇ ਜਿਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਪਿਛਲੇ 6 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ, ਉਹਨਾਂ ਕਾਨੂੰਨਾਂ ਲਈ ਲਿਆਂਦੇ ਆਰਡੀਨੈਂਸ ਨੂੰ ਪੂਰਾ ਇੱਕ ਸਾਲ ਹੋ ਚੁੱਕਿਆ ਹੈ। ਸਾਲ 2020 ‘ਚ 5 ਜੂਨ ਦੇ ਦਿਨ ਹੀ ਮੋਦੀ ਸਰਕਾਰ ਵੱਲੋਂ ਆਰਡੀਨੈਂਸ ਲਿਆਂਦੇ ਗਏ ਸਨ। ਇੱਕ ਸਾਲ ਪੂਰਾ ਹੋਣ ‘ਤੇ ਕਿਸਾਨਾਂ ਵੱਲੋਂ ਦੇਸ਼ ਭਰ ‘ਚ ‘ਸੰਪੂਰਨ ਕ੍ਰਾਂਤੀ ਦਿਵਸ’ ਮਨਾਇਆ ਗਿਆ, ਜਿਸ ਤਹਿਤ ਕਿਸਾਨਾ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਸ਼ਹਿਰ-ਸ਼ਹਿਰ ਬੀਜੇਪੀ ਅਤੇ ਉਸਦੇ ਸਹਿਯੋਗੀ ਪਾਰਟੀਆਂ ਦੇ ਘਰਾਂ ਅਤੇ ਦਫਤਰਾਂ ਦੇ ਬਾਹਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
‘ਸੰਪੂਰਨ ਕ੍ਰਾਂਤੀ ਦਿਵਸ’ ਤਹਿਤ ਕਿਸਾਨਾਂ ਵੱਲੋਂ ਪੰਚਕੂਲਾ ‘ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਥੇ ਕਿਸਾਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਸਥਾਨਕ ਬੀਜੇਪੀ MLA ਗਿਆਨ ਚੰਦ ਗੁਪਤਾ ਦੀ ਰਿਹਾਇਸ਼ ਦੇ ਘੇਰਾਓ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ।
ਹਾਲਾਤ ਉਸ ਵੇਲੇ ਵਿਗੜੇ, ਜਦੋਂ ਪੁਲਿਸ ਨੇ ਬੈਰੀਗੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਅੱਗੇ ਵਧਣ ਲਈ ਬਜਿੱਦ ਰਹੇ। ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਲਈ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ।
ਲਾਠੀਚਾਰਜ ਦੇ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਹਾਲਾਂਕਿ ਕਿਸੇ ਨੂੰ ਵੀ ਗੰਭੀਰ ਸੱਟਾਂ ਲੱਗਣ ਦੀ ਗੱਲ ਸਾਹਮਣੇ ਨਹੀਂ ਆਈ ਹੈ।
ਹਰਿਆਣਾ ਦੇ ਟੋਹਾਣਾ ‘ਚ ਵੀ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ ਵੇਖਣ ਨੂੰ ਮਿਲਿਆ। JJP ਵਿਧਾਇਕ ਦਵਿੰਦਰ ਬਬਲੀ ਖਿਲਾਫ਼ ਆਪਣਾ ਵਿਰੋਧ ਜਤਾਉਣ ਲਈ ਸਮੂਹਿਕ ਗ੍ਰਿਫ਼ਤਾਰੀਆਂ ਦੇਣ ਦੇ ਮੰਤਵ ਨਾਲ ਕਿਸਾਨ ਇਥੇ ਪਹੁੰਚੇ।
ਵਿਰੋਧ ਪ੍ਰਦਰਸ਼ਨ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਗੁਰਨਾਮ ਚਢੂਨੀ ਤੋਂ ਇਲਾਵਾ ਕਈ ਵੱਡੇ ਕਿਸਾਨ ਆਗੂ ਸ਼ਾਮਲ ਹੋਏ।
ਮੋਹਾਲੀ ‘ਚ ਵੀ ਕਿਸਾਨਾਂ ਨੇ ਬੀਜੇਪੀ ਖਿਲਾਫ ਹੱਲਾ ਬੋਲਿਆ। ਕਿਸਾਨਾਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।
ਅੰਮ੍ਰਿਤਸਰ ‘ਚ ਵੀ ਕਿਸਾਨ ਸੜਕਾਂ ‘ਤੇ ਉਤਰੇ ਅਤੇ ਮੋਦੀ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਥੇ ਪ੍ਰਦਰਸ਼ਨ ‘ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੀ ਸ਼ਾਮਲ ਹੋਏ।
ਚੰਡੀਗੜ੍ਹ ‘ਚ ਵੀ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬੀਜੇਪੀ ਆਗੂਆਂ ਦੇ ਦਫਤਰਾਂ ਅਤੇ ਘਰਾਂ ਦਾ ਘੇਰਾਓ ਕੀਤਾ।
ਪੰਜਾਬ-ਹਰਿਆਣਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਤਮਾਮ ਹਿੱਸਿਆਂ ‘ਚ ਵੀ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਜਾਣ ਦੀ ਮੰਗ ਕੀਤੀ।