ਮੁੰਬਈ। ਟੀਵੀ ਅਦਾਕਾਰ ਕਰਨ ਮੇਹਰਾ ਵੱਲੋਂ ਪਤਨੀ ਦੀ ਕਥਿਤ ਕੁੱਟਮਾਰ ਦਾ ਵਿਵਾਦ ਹਾਲੇ ਥੰਮਿਆ ਨਹੀਂ ਸੀ, ਕਿ ਹੁਣ ਇੰਡਸਟਰੀ ਦਾ ਇੱਕ ਹੋਰ ਸਿਤਾਰੇ ‘ਤੇ ਰੇਪ ਵਰਗਾ ਗੰਭੀਰ ਇਲਜ਼ਾਮ ਲੱਗਿਆ ਹੈ। ‘ਨਾਗਿਨ-3’ ਫੇਮ ਅਦਾਕਾਰ Pearl V Puri ਨੂੰ 11 ਸਾਲਾ ਬੱਚੀ ਦੇ ਨਾਲ ਰੇਪ ਦੇ ਮਾਮਲੇ ‘ਚ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਹਾਲਾਂਕਿ ਬਾਅਦ ‘ਚ ਪੁਰੀ ਜ਼ਮਾਨਤ ‘ਤੇ ਰਿਹਾਅ ਹੋ ਗਏ।
ਜਾਣਕਾਰੀ ਮੁਤਾਬਕ, ਕੁਝ ਦਿਨ ਪਹਿਲਾਂ ਪਰਲ ਦੀ ਇੱਕ ਸਾਥੀ ਅਦਾਕਾਰਾ ਸ਼ੂਟਿੰਗ ਲਈ ਆਪਣੀ 11 ਸਾਲਾ ਧੀ ਦੇ ਨਾਲ ਸੈੱਟ ‘ਤੇ ਆਈ ਸੀ। ਇਸ ਦੌਰਾਨ ਅਦਾਕਾਰਾ ਦੀ ਨਬਾਲਗ ਧੀ ਪਰਲ ਨਾਲ ਸੈਲਫੀ ਲੈਣਾ ਚਾਹੁੰਦੀ ਸੀ। ਉਸਨੇ ਪਰਲ ਨੂੰ ਇਸ ਲਈ ਕਿਹਾ, ਤਾਂ ਪਰਲ ਉਸ ਨੂੰ ਆਪਣੀ ਵੈਨਿਟੀ ਵੈਨ ‘ਚ ਲੈ ਗਏ। ਇਲਜ਼ਾਮ ਹੈ ਕਿ ਵੈਨਿਟੀ ਵੈਨ ‘ਚ ਪਰਲ ਨੇ ਉਸ ਨਾਲ ਬਲਾਤਕਾਰ ਵਰਗੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ।
ਖ਼ਬਰ ਹੈ ਕਿ ਘਰ ਆਉਣ ਤੋਂ ਬਾਅਦ ਬੱਚੀ ਚੁਪਚਾਪ ਰਹਿਣ ਲੱਗੀ। ਉਹ ਕਿਸੇ ਨਾਲ ਗੱਲ ਨਹੀਂ ਕਰ ਰਹੀ ਸੀ, ਜਿਸ ਤੋਂ ਬਾਅਦ ਵਾਰ-ਵਾਰ ਪੁੱਛਣ ‘ਤੇ ਉਸਨੇ ਆਪਣੇ ਪਿਤਾ ਨੂੰ ਸਾਰੀ ਕਹਾਣੀ ਦੱਸੀ। ਇਸ ਤੋਂ ਬਾਅਦ ਪੀੜਤਾ ਦਾ ਮੈਡੀਕਲ ਵੀ ਕਰਵਾਇਆ ਗਿਆ, ਜਿਸ ‘ਚ ਰੇਪ ਦੀ ਪੁਸ਼ਟੀ ਹੋਈ ਹੈ। ਰੇਪ ਦੀ ਪੁਸ਼ਟੀ ਹੋਣ ਤੋਂ ਬਾਅਦ ਵਾਲੀਵ ਪੁਲਿਸ ਵੱਲੋਂ ਪਰਲ ‘ਤੇ POCSO ਐਕਟ ਤਹਿਤ ਕੇਸ ਦਰਜ ਕਰਦਿਆਂ ਸ਼ੁੱਕਰਵਾਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਹ ਕਹਾਣੀ ਦਾ ਦੂਜਾ ਪਹਿਲੂ ਇਹ ਵੀ…
ਨਾਗਿਨ ਦੀ ਪ੍ਰੋਡਿਊਸਰ ਅਤੇ ਪਰਲ ਦੀ ਕਰੀਬੀ ਦੋਸਤ ਏਕਤਾ ਕਪੂਰ ਨੇ ਇੰਸਟਾਗ੍ਰਾਮ ‘ਤੇ ਪਰਲ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਦਿਆਂ ਇਸ ਕਹਾਣੀ ਦਾ ਦੂਜਾ ਹੀ ਪਹਿਲੂ ਲੋਕਾਂ ਦੇ ਸਾਹਮਣੇ ਰੱਖਿਆ ਹੈ। ਏਕਤਾ ਮੁਤਾਬਕ, ਖੁਦ ਪੀੜਤਾ ਦੀ ਮਾਂ ਨੇ ਉਹਨਾਂ ਨੂੰ ਕਿਹਾ ਹੈ ਕਿ ਪਰਲ ਬੇਕਸੂਰ ਹੈ। ਆਪਣੀ ਪੋਸਟ ‘ਚ ਏਕਤਾ ਨੇ ਲਿਖਿਆ, “ਕੀ ਮੈਂ ਕਿਸੇ ਬੱਚੇ ਨਾਲ ਛੇੜਖਾਨੀ ਕਰਨ ਵਾਲੇ ਦਾ ਸਮਰਥਨ ਕਰਾਂਗੀ? ਪਰ ਬੀਤੀ ਰਾਤ ਤੋਂ ਹੁਣ ਤੱਕ ਮੈਂ ਜੋ ਵੇਖਿਆ, ਉਹ ਇਨਸਾਨੀਅਤ ਦੀ ਸਭ ਤੋਂ ਨਿਚਲੀ ਹੱਦ ਹੈ। ਜੋ ਲੋਕ ਇੱਕ-ਦੂਜੇ ਤੋਂ ਪਰੇਸ਼ਾਨ ਹਨ, ਉਹ ਆਪਣੇ ਖੁਦ ਦੀ ਲੜਾਈ ‘ਚ ਕਿਸੇ ਤੀਜੇ ਨੂੰ ਕਿਵੇਂ ਘਸੀਟ ਸਕਦੇ ਹਨ? ਇੱਕ ਇਨਸਾਨ ਦੂਜੇ ਇਨਸਾਨ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ? ਬੱਚੀ ਦੀ ਮਾਂ ਨੇ ਖੁੱਲ੍ਹ ਕੇ ਕਿਹਾ ਕਿ ਪਰਲ ਇਸ ‘ਚ ਸ਼ਾਮਲ ਨਹੀਂ ਸੀ ਅਤੇ ਉਸਦਾ ਪਤੀ ਹੈ, ਜੋ ਆਪਣੇ ਬੱਚੇ ਨੂੰ ਆਪਣੇ ਕੋਲ ਰੱਖਣ ਲਈ ਕਹਾਣੀਆਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਸੈੱਟ ‘ਤੇ ਕੰਮਕਾਜੀ ਮਹਿਲਾਵਾਂ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੀਆਂ। ਜੇਕਰ ਇਹ ਸੱਚ ਹੈ, ਤਾਂ ਇਹ ਪੂਰੀ ਤਰ੍ਹਾਂ ਗਲਤ ਹੈ।”
ਉਹਨਾਂ ਅੱਗੇ ਲਿਖਿਆ, “ਆਪਣੇ ਖੁਦ ਦੇ ਏਜੰਡੇ ਨੂੰ ਪੂਰਾ ਕਰਨ ਲਈ ਬੱਚੇ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਕੇ ਇੱਕ ਇੱਕ ਬੇਕਸੂਰ ਸ਼ਖਸ ਨੂੰ ਦੋਸ਼ੀ ਬਣਾਉਣ ਲਈ MeToo ਵਰਗੇ ਮਹੱਤਵਪੂਰਣ ਅੰਦੋਲਨ ਦਾ ਇਸਤੇਮਾਲ ਕਰਨਾ ਗਲਤ ਹੈ। ਮੈਨੂੰ ਫੈਸਲਾ ਕਰਨ ਦਾ ਕੋਈ ਹੱਕ ਨਹੀਂ ਹੈ, ਅਦਾਲਤ ਤੈਅ ਕਰੇਗੀ ਕਿ ਕੌਣ ਸਹੀ ਹੈ ਕੌਣ ਗਲਤ। ਮੇਰੀ ਰਾਏ ਸਿਰਫ ਉਸੇ ‘ਤੇ ਅਧਾਰਤ ਹੈ, ਜੋ ਕੱਲ੍ਹ ਰਾਤ ਪੀੜਤਾ ਦੀ ਮਾਂ ਨੇ ਮੈਨੂੰ ਕਿਹਾ ਸੀ। ਉਹ ਇਹ- ਕਿ ਪਰਲ ਮਾਸੂਨ ਹੈ। ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਲੋਕ ਸਿਰਫ਼ ਇਹ ਸਾਬਿਤ ਕਰਨ ਲਈ ਕਿ ਇੱਕ ਕੰਮਕਾਜੀ ਮਹਿਲਾ ਆਪਣੇ ਬੱਚੇ ਦੀ ਦੇਖਭਾਲ ਕਰਨ ‘ਚ ਸਮਰੱਥ ਨਹੀਂ ਹੈ। ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ। ਮੇਰੇ ਕੋਲ ਮੇਰੇ ਅਤੇ ਬੱਚੀ ਦੀ ਮਾਂ ਵਿਚਕਾਰ ਹੋਈ ਗੱਲਬਾਤ ਦੀ ਸਾਰੀ ਰਿਕਾਰਡਿੰਗ ਅਤੇ ਮੈਸੇਜ ਹਨ, ਜੋ ਸਾਫ ਤੌਰ ‘ਤੇ ਪਰਲ ਉੱਪਰ ਲਗਾਏ ਝੂਠੇ ਇਲਜ਼ਾਮਾਂ ਵੱਲ ਇਸ਼ਾਰਾ ਕਰਦੇ ਹਨ। ਫਿਲਮ ਜਗਤ ਵੀ ਬਾਕੀ ਪ੍ਰੋਫੈਸ਼ਨਜ਼ ਦੀ ਤਰ੍ਹਾਂ ਹੀ ਸੁਰੱਖਿਅਤ ਅਤੇ ਅਸੁਰੱਖਿਅਤ ਹੈ। ਆਪਣੇ ਏਜੰਡੇ ਨੂੰ ਪੂਰਾ ਕਰਨ ਲਈ ਇਸ ਨੂੰ ਬਦਨਾਮ ਕਰਨਾ ਹੁਣ ਤੱਕ ਦੀ ਸਭ ਤੋਂ ਨੀਚ ਹਰਕਤ ਹੈ। ਜੇਕਰ ਪਰਲ ਬੇਕਸੂਰ ਸਾਬਿਤ ਹੋ ਜਾਂਦਾ ਹੈ, ਤਾਂ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗੀ ਕਿ ਅੱਜ ਦੇ ਸਮੇਂ ‘ਚ ਮਹੱਤਵਪੂਰਣ ਅੰਦੋਲਨ ਦਾ ਗਲਤ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ, ਇਸ ‘ਤੇ ਡੂੰਘਾਈ ਨਾਲ ਵਿਚਾਰ ਕਰਨ। ਇਨਸਾਫ਼ ਦੀ ਜਿੱਤ ਹੋਵੇ।”
ਪਰਲ ਨੂੰ ਮਿਲਿਆ ਇੰਡਸਟਰੀ ਦਾ ਸਾਥ
Pearl V Puri ‘ਤੇ ਲੱਗੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਇੰਡਸਟਰੀ ਦੇ ਸਿਤਾਰੇ ਉਸਦੇ ਸਮਰਥਨ ‘ਚ ਨਿਤਰ ਆਏ। ਸਭ ਤੋਂ ਪਹਿਲਾਂ ਟੀਵੀ ਅਦਾਕਾਰਾ ਅਨੀਤਾ ਹਸਨੰਦਾਨੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸਵੇਰੇ ਉਠਦੇ ਹੀ ਇਹ ਬਕਵਾਸ ਖ਼ਬਰ ਸੁਣਨ ਨੂੰ ਮਿਲੀ। ਮੈਂ ਉਹਨਾਂ ਨੂੰ ਬੇਹੱਦ ਚੰਗੀ ਤਰ੍ਹਾਂ ਜਾਣਦੀ ਹਾਂ। ਇਹ ਸੱਚ ਨਹੀਂ ਹੈ। ਇਹ ਸੱਚ ਹੋ ਹੀ ਨਹੀਂ ਸਕਦਾ। ਮੈਨੂੰ ਪੂਰਾ ਯਕੀਨ ਹੈ ਕਿ ਇਸ ‘ਚ ਕੁਝ ਹੋਰ ਹੀ ਗੱਲ ਹੋਵੇਗੀ ਤੇ ਸੱਚ ਜਲਦੀ ਹੀ ਸਾਰਿਆਂ ਦੇ ਸਾਹਮਣੇ ਆਵੇਗਾ।”
ਪਰਲ ਨਾਲ ਕਰੀਬ ਇੱਕ ਸਾਲ ਤੱਕ ਰਿਲੇਸ਼ਨਸ਼ਿਪ ‘ਚ ਰਹਿ ਚੁੱਕੀ ਅਦਾਕਾਰਾ ਕਰਿਸ਼ਮਾ ਤੰਨਾ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਹੈ। ਪਰਲ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਸਭ ਤੋਂ ਪਹਿਲਾਂ ਪਰਲ ਨੇ ਹੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ।
ਅਦਾਕਾਰਾ ਸੁਰਭੀ ਜੋਤੀ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਜਿਹਨਾਂ ਨੂੰ ਮੈਂ ਜਾਣਦੀ ਹਾਂ, ਉਹਨਾਂ ‘ਚੋਂ ਪਰਲ ਸਭ ਤੋਂ ਵੱਧ ਪਿਆਰੇ ਸ਼ਖਸ ਹਨ। ਸੱਚ ਦੇ ਬਾਹਰ ਆਉਣ ਦੀ ਉਡੀਕ ਕਰਦੇ ਹਾਂ। ਮੇਰੇ ਦੋਸਤ, ਮੈਂ ਤੁਹਾਡੇ ਨਾਲ ਹਾਂ।”
ਕ੍ਰਿਸਟਲ ਡਿਸੂਜ਼ਾ ਨੇ ਵੀ ਇੰਸਟਾਗ੍ਰਾਮ ‘ਤੇ ਪਰਲ ਨਾਲ ਫੋਟੋ ਸ਼ੇਅਰ ਕੀਤੀ ਅਤੇ ਉਹਨਾਂ ਨੂੰ ਇੰਡਸਟਰੀ ਦਾ ਬਿਹਤਰੀਨ ਲੜਕਾ ਦੱਸਿਆ। ਉਹਨਾਂ ਕਿਹਾ, “ਬੇਬੁਨਿਆਦ ਇਲਜ਼ਾਮਾਂ ਦੇ ਚਲਦੇ ਕਿਸੇ ਨਤੀਜੇ ‘ਤੇ ਨਾ ਪਹੁੰਚੋ।”
ਖਾਸ ਗੱਲ ਇਹ ਵੀ ਹੈ ਕਿ Pearl V Puri ਦੇ ਸਮਰਥਨ ‘ਚ ਪੋਸਟ ਕਰਨ ਵਾਲੇ ਅਦਾਕਾਰਾਂ ‘ਚ ਸਭ ਤੋਂ ਵੱਧ ਮਹਿਲਾਵਾਂ ਹਨ ਅਤੇ ਇਸ ਕਹਾਣੀ ‘ਚ ਪਰਲ ਨੂੰ ਬੇਕਸੂਰ ਦੱਸਦੇ ਹੋਏ ਸਬੂਤਾਂ ਦਾ ਦਾਅਵਾ ਕਰਨ ਵਾਲੀ ਪ੍ਰੋਡਿਊਸਰ ਵੀ ਇੱਕ ਮਹਿਲਾ ਹੈ।
ਇਹਨਾਂ TV ਸ਼ੋਅਜ਼ ‘ਚ ਕੰਮ ਕਰ ਚੁੱਕੇ ਹਨ ਪੁਰੀ
Pearl V Puri ਨੇ ਨਾਗਿਨ-3 ਤੋਂ ਇਲਾਵਾ ਕਈ ਦੂਜੇ ਟੀਵੀ ਪ੍ਰੋਜੈਕਟ ਵੀ ਕੀਤੇ ਹਨ। ਉਹਨਾਂ ਨੇ ‘ਦਿਲ ਕੀ ਨਜ਼ਰ ਸੇ ਖੂਬਸੂਰਤ, ਫਿਰ ਭੀ ਨਾ ਮਾਨੇ ਬਦਤਮੀਜ਼ ਦਿਲ’, ‘ਮੇਰੀ ਸਾਸੂ ਮਾਂ’, ‘ਨਾਗਾਰਜੁਨ ਏਕ ਯੋਧਾ’, ‘ਬੇਪਨਾਹ ਪਿਆਰ’ ਅਤੇ ‘ਬ੍ਰਹਮਰਾਕਸ਼ਸ-2’ ‘ਚ ਵੇਖਿਆ ਗਿਆ ਸੀ। ਉਹ ‘ਬਿਗ ਬੌਸ-12’ ਅਤੇ ‘ਬਿਗ ਬੌਸ-13’ ‘ਚ ਬਤੌਰ ਗੈਸਟ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਪਰਲ ਨੂੰ ‘ਕਿਚਨ ਚੈਂਪੀਅਨ 5’ ਅਤੇ ‘ਖਤਰਾ ਖਤਰਾ ਖਤਰਾ’ ਵਰਗੇ ਰਿਅਲਟੀ ਸ਼ੋਅਜ਼ ‘ਚ ਵੀ ਵੇਖਿਆ ਜਾ ਚੁੱਕਿਆ ਹੈ।